ਜਲੰਧਰ, 27 ਅਗਸਤ 2025 – ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਲੰਧਰ-ਨਕੋਦਰ ਹਾਈਵੇ ਦੇ ਹੇਠਾਂ ਵਗਦੀ ਕਾਲੀ ਬੇਈ ਪੂਰੇ ਜੋਬਨ ‘ਤੇ ਹੈ। ਪਾਣੀ ਦਾ ਪੱਧਰ ਵਧਣ ਕਾਰਨ ਇਸ ਦੇ ਕਿਨਾਰਿਆਂ ‘ਤੇ ਰਹਿਣ ਵਾਲੀਆਂ ਝੁੱਗੀ-ਝੌਂਪੜੀ ਵਾਲੇ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਉਨ੍ਹਾਂ ਦੀਆਂ ਝੁੱਗੀਆਂ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਇਹ ਅਫਸੋਸ ਦੀ ਗੱਲ ਹੈ ਕਿ ਇਸ ਸਥਿਤੀ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ। ਹੜ੍ਹ ਦੇ ਪਾਣੀ ਕਾਰਨ ਇਨ੍ਹਾਂ ਲੋਕਾਂ ਦਾ ਰਹਿਣ-ਸਹਿਣ ਤਾਂ ਪ੍ਰਭਾਵਿਤ ਹੋਇਆ ਹੀ ਹੈ, ਨਾਲ ਹੀ ਉਨ੍ਹਾਂ ਦਾ ਚੌਕਾ-ਚੁੱਲ੍ਹਾ ਵੀ ਠੱਪ ਹੋ ਕੇ ਰਹਿ ਗਿਆ ਹੈ। ਇੱਥੋਂ ਤੱਕ ਕਿ ਝੁੱਗੀਆਂ ਦੇ ਵਿਚਕਾਰ ਬਣਿਆ ਮੰਦਰ ਵੀ ਪਾਣੀ ਦੀ ਲਪੇਟ ਵਿੱਚ ਆਇਆ ਹੋਇਆ ਹੈ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਪਾਣੀ ਵਧਣ ਕਾਰਨ ਉਨ੍ਹਾਂ ਲਈ ਖਾਣਾ ਬਣਾਉਣਾ ਅਤੇ ਰੋਜ਼ਮਰ੍ਹਾ ਦਾ ਕੰਮ ਕਰਨਾ ਵੀ ਅਸੰਭਵ ਹੋ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਮੁਸ਼ਕਲ ਸਥਿਤੀ ਵਿੱਚੋਂ ਕੱਢਿਆ ਜਾ ਸਕੇ।