ਜਲੰਧਰ: ਸ਼ਹਿਰ ਵਿੱਚ ਕਾਫੀ ਸਮੇਂ ਤੋਂ ਚੱਲ ਰਹੇ ਇੱਕ ਘਰੇਲੂ ਝਗੜੇ ਨੂੰ ਅਖੀਰਕਾਰ ਵੁਮੈਨ ਸੈਲ ਜਲੰਧਰ ਨੇ ਸ਼ਾਂਤੀਪੂਰਕ ਢੰਗ ਨਾਲ ਹੱਲ ਕਰਵਾ ਦਿੱਤਾ। ਜਾਣਕਾਰੀ ਦਿੰਦਿਆਂ ਵੁਮੈਨ ਸੈਲ ਜਲੰਧਰ ਦੀ ਕੋਆਰਡੀਨੇਟਰ ਡਾ. ਹਰਮੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਕੋਲ ਇੱਕ ਐਸਾ ਕੇਸ ਆਇਆ ਸੀ, ਜਿਸ ਵਿੱਚ ਦੋ ਪਰਿਵਾਰ ਬੜੀ ਦੇਰ ਤੋਂ ਆਪਸ ਵਿੱਚ ਝਗੜੇ ਦੀ ਲਪੇਟ ‘ਚ ਫਸੇ ਹੋਏ ਸਨ। ਉਨ੍ਹਾਂ ਦੱਸਿਆ ਕਿ ਦੋਨਾਂ ਪਰਿਵਾਰਾਂ ਵੱਲੋਂ ਪਹਿਲਾਂ ਮਹਿਲਾ ਮੰਡਲ ਅਤੇ ਪੁਲਿਸ ਅਧਿਕਾਰੀਆਂ ਕੋਲ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਮਸਲਾ ਹੱਲ ਨਹੀਂ ਹੋ ਰਿਹਾ ਸੀ। ਜਦੋਂ ਇਹ ਮਾਮਲਾ ਉਨ੍ਹਾਂ ਕੋਲ ਪਹੁੰਚਿਆ, ਤਾਂ ਉਨ੍ਹਾਂ ਨੇ ਦੋਨਾਂ ਪੱਖਾਂ ਦੀ ਵੱਖ-ਵੱਖ ਕੌਂਸਲਿੰਗ ਕਰਕੇ ਉਨ੍ਹਾਂ ਦੇ ਗੁੱਸੇ ਨੂੰ ਠੰਡਾ ਕੀਤਾ।
ਕੌਂਸਲਰ ਨੀਰਜ ਜੱਸਲ ਵੱਲੋਂ ਇਹ ਕੇਸ ਡਾ. ਹਰਮੀਤ ਕੌਰ ਨੂੰ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੋਨਾਂ ਪਰਿਵਾਰਾਂ ਅਤੇ ਉਨ੍ਹਾਂ ਦੇ ਵੱਡੇ ਬੁਜ਼ੁਰਗਾਂ ਨੂੰ ਬੈਠਾ ਕੇ ਸ਼ਾਂਤੀਪੂਰਕ ਗੱਲਬਾਤ ਕਰਵਾਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦੋਨਾਂ ਧਿਰਾਂ ਨੇ ਆਪਸੀ ਸਮਝੌਤਾ ਕਰ ਲਿਆ। ਇਸ ਮਾਮਲੇ ‘ਚ ਲੜਕਾ ਰਮਨ ਕੁਮਾਰ ਪੁੱਤਰ ਸੋਮ ਲਾਲ ਵਾਸੀ ਈਸਾ ਨਗਰ ਜਲੰਧਰ ਅਤੇ ਲੜਕੀ ਮੀਰਾਂ ਧੀ ਫੂਲ ਚੰਦ ਵਾਸੀ ਕਿਸ਼ਨਪੁਰਾ ਜਲੰਧਰ ਦਰਮਿਆਨ ਕਾਫੀ ਸਮੇਂ ਤੋਂ ਪਰਿਵਾਰਕ ਤਣਾਅ ਚੱਲ ਰਿਹਾ ਸੀ। ਇਸ ਮੌਕੇ ਤੇ, ਰਮਨ ਕੁਮਾਰ ਨੇ ਆਪਣੇ ਸਹੁਰੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਅੱਗੇ ਤੋਂ ਉਹ ਆਪਣੇ ਪਰਿਵਾਰ ਵਿੱਚ ਕਿਸੇ ਤਰ੍ਹਾਂ ਦੀ ਲੜਾਈ-ਝਗੜਾ ਨਹੀਂ ਹੋਣ ਦੇਵੇਗਾ ਅਤੇ ਘਰ ਦੀ ਸ਼ਾਂਤੀ-ਸਥਾਪਨਾ ਬਣਾਈ ਰੱਖੇਗਾ। ਉੱਥੇ ਹੀ ਲੜਕੀ ਮੀਰਾਂ ਨੇ ਵੀ ਆਪਣੇ ਸਹੁਰੇ ਪਰਿਵਾਰ ਤੇ ਪਿਤਰੀ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਅਸੀਂ ਰਲ ਮਿਲ ਕੇ ਪਿਆਰ ਨਾਲ ਜੀਵਨ ਗੁਜ਼ਾਰਾਂਗੇ ਅਤੇ ਕੋਈ ਵੀ ਘਰੇਲੂ ਵਿਵਾਦ ਨਹੀਂ ਹੋਵੇਗਾ।
ਡਾ. ਹਰਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮਕਸਦ ਹੀ ਇਹ ਹੈ ਕਿ ਸਮਾਜ ਵਿੱਚ ਪੈਦਾ ਹੋ ਰਹੀਆਂ ਇਹਨਾਂ ਘਰੇਲੂ ਲੜਾਈਆਂ ਨੂੰ ਕੌਂਸਲਿੰਗ ਰਾਹੀਂ ਹੱਲ ਕਰਵਾਇਆ ਜਾਵੇ, ਤਾਂ ਜੋ ਟੁੱਟ ਰਹੇ ਪਰਿਵਾਰਾਂ ਨੂੰ ਮੁੜ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਕਸਰ ਛੋਟੀਆਂ-ਛੋਟੀਆਂ ਗੱਲਾਂ ਤੋਂ ਸ਼ੁਰੂ ਹੋਏ ਇਹ ਘਰੇਲੂ ਝਗੜੇ ਵਧਦਿਆਂ ਪਰਿਵਾਰਾਂ ਨੂੰ ਤਬਾਹੀ ਦੇ ਰਾਹ ‘ਤੇ ਲੈ ਜਾਂਦੇ ਹਨ। ਇਸ ਲਈ ਅਜਿਹੀਆਂ ਸਥਿਤੀਆਂ ਨੂੰ ਸਮੇਂ ‘ਤੇ ਸਲਾਹ-ਮਸ਼ਵਰੇ ਰਾਹੀਂ ਹੱਲ ਕਰ ਲੈਣਾ ਚਾਹੀਦਾ ਹੈ। ਇਸ ਮੌਕੇ ਉੱਥੇ ਮੌਜੂਦ ਪਤਵੰਤੇ ਸੱਜਣਾਂ ਨੇ ਵੀ ਡਾ. ਹਰਮੀਤ ਕੌਰ ਅਤੇ ਉਨ੍ਹਾਂ ਦੀ ਟੀਮ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਤੇ ਕਿਹਾ ਕਿ ਵੁਮੈਨ ਸੈਲ ਜਲੰਧਰ ਅਤੇ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਆਫ਼ ਇੰਡੀਆ ਵੱਲੋਂ ਸ਼ੁਰੂ ਕੀਤੇ ਗਏ ਇਸ ਇਨਸਾਨੀ ਮੁਹਿੰਮ-ਨੁਮਾ ਕੰਮ ਦੀ ਲੋੜ ਅੱਜ ਦੇ ਸਮਾਜ ਨੂੰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੜਾਈ ਝਗੜਿਆਂ ਦੀਆਂ ਗੱਲਾਂ ਅਦਾਲਤਾਂ ‘ਚ ਪਹੁੰਚ ਜਾਣ, ਤਾਂ ਘਰ-ਪਰਿਵਾਰ ਅਤੇ ਬੱਚਿਆਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੋ ਜਾਂਦੀ ਹੈ।
ਇਸ ਮਾਮਲੇ ਦੀ ਮਿਸਾਲ ਦੇ ਕੇ ਉਨ੍ਹਾਂ ਕਿਹਾ ਕਿ ਜੇਕਰ ਸਮਾਜ ਵਿਚ ਹਰ ਵਿਅਕਤੀ ਤੇ ਸੰਸਥਾ ਇਹ ਜ਼ਿੰਮੇਵਾਰੀ ਲੈ ਲਵੇ, ਤਾਂ ਬੇਸ਼ੱਕ ਅਜਿਹੇ ਘਰੇਲੂ ਮਾਮਲੇ ਬਿਨਾਂ ਕਿਸੇ ਵੱਡੇ ਵਿਵਾਦ ਦੇ ਹੱਲ ਕੀਤੇ ਜਾ ਸਕਦੇ ਹਨ। ਆਖ਼ਰ ‘ਚ ਡਾ. ਹਰਮੀਤ ਕੌਰ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ‘ਚ ਹੋਰ ਵੀ ਐਸੇ ਕੇਸਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਜਾਰੀ ਰੱਖਾਂਗੇ ਅਤੇ ਲੋਕਾਂ ਨੂੰ ਇਸ ਸੰਦੇਸ਼ ਦੇਵਾਂਗੇ ਕਿ ਘਰੇਲੂ ਝਗੜਿਆਂ ਦਾ ਹੱਲ ਘਰ ਦੇ ਦਰਵਾਜ਼ਿਆਂ ‘ਚ ਹੀ ਖੋਜਿਆ ਜਾਵੇ।