ਹੁਸ਼ਿਆਰਪੁਰ: ਪੰਜਾਬ ਵਪਾਰ ਕਮਿਸ਼ਨ, ਆਬਕਾਰੀ ਅਤੇ ਕਰ ਵਿਭਾਗ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਵਪਾਰਕ ਸੰਗਠਨਾਂ ਅਤੇ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਸਹਾਇਕ ਟੈਕਸ ਕਮਿਸ਼ਨਰ ਪਰਮਜੀਤ ਸਿੰਘ ਅਤੇ ਵਪਾਰ ਮੰਡਲ ਹੁਸ਼ਿਆਰਪੁਰ ਦੇ ਪ੍ਰਧਾਨ ਗੋਪੀ ਚੰਦ ਕਪੂਰ ਨੇ ਚੇਅਰਮੈਨ ਦਾ ਸਵਾਗਤ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਅਨਿਲ ਠਾਕੁਰ ਨੇ ਕਿਹਾ ਕਿ ਵਪਾਰੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅਨੁਸਾਰ, ਉਨ੍ਹਾਂ ਨੇ ਸਾਲ 2017-18 ਦੀ ਪਹਿਲੀ ਤਿਮਾਹੀ ਦੇ ਬਕਾਇਆ ਟੈਕਸ ਬਕਾਏ ਦੇ ਮਾਮਲਿਆਂ ਦੇ ਹੱਲ ਲਈ ਓ.ਟੀ.ਐਸ. (ਵਨ ਟਾਈਮ ਸੈਟਲਮੈਂਟ) ਸਕੀਮ ਲਾਗੂ ਕਰਨ ਲਈ ਵਿੱਤ ਮੰਤਰੀ, ਪੰਜਾਬ ਨੂੰ ਸਿਫਾਰਸ਼ ਭੇਜੀ ਹੈ ਅਤੇ ਇਹ ਸਕੀਮ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ।
ਚੇਅਰਮੈਨ ਵੱਲੋਂ ਵਪਾਰੀਆਂ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਵਿਭਾਗੀ ਅਧਿਕਾਰੀਆਂ ਦੀ ਮਦਦ ਨਾਲ ਮੌਕੇ ‘ਤੇ ਹੀ ਹੱਲ ਕਰ ਦਿੱਤਾ ਗਿਆ। ਬਾਕੀ ਰਹਿੰਦੇ ਗੁੰਝਲਦਾਰ ਮੁੱਦਿਆਂ ਨੂੰ ਜੀ.ਐਸ.ਟੀ. ਕੌਂਸਲ ਰਾਹੀਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਸ੍ਰੀ ਠਾਕੁਰ ਨੇ ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਟੈਕਸ ਅਦਾ ਕਰਨ ਵਿੱਚ ਸਹਿਯੋਗ ਕਰਨ ਤਾਂ ਜੋ ਸੂਬੇ ਦੇ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਵਚਨਬੱਧ ਹੈ।
ਮੀਟਿੰਗ ਵਿੱਚ ਚੈਂਬਰ ਆਫ਼ ਕਾਮਰਸ ਅਤੇ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ ਜਿਵੇਂ ਕਿ ਸੋਮਨਾਥ ਬੰਗੜ, ਪ੍ਰੇਮ ਚੰਦ ਜੈਨ, ਅਜੈ ਸੈਣੀ, ਅਜੈ ਭਾਟੀਆ, ਬੌਬੀ ਕੌਸ਼ਲ, ਰਾਜੇਸ਼ ਜੈਨ, ਮੁਨੀਸ਼ ਨੰਦਾ, ਪ੍ਰੇਮ ਸੈਣੀ, ਮੋਹਨ ਲਾਲ ਢੀਂਗਰਾ, ਚੰਦਰ ਮੋਹਨ, ਜਗ ਰੂਪ ਸਿੰਘ ਧਾਮੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਵਿਭਾਗੀ ਪੱਧਰ ‘ਤੇ ਉਪ ਕਮਿਸ਼ਨਰ ਸਟੇਟ ਟੈਕਸ ਜਲੰਧਰ ਡਿਵੀਜ਼ਨ ਦਰਵੀਰ ਰਾਜ, ਸੰਯੁਕਤ ਨਿਰਦੇਸ਼ਕ-ਕਮ-ਉਪ ਕਮਿਸ਼ਨਰ ਸਟੇਟ ਟੈਕਸ ਦਲਜੀਤ ਕੌਰ, ਸਟੇਟ ਟੈਕਸ ਅਫਸਰ ਸੰਦੀਪ ਕੁਮਾਰ, ਜਗਰੂਪ ਸਿੰਘ, ਨੀਤਿਕਾ ਅਗਰਵਾਲ, ਡੀ.ਐਸ. ਚੀਮਾ, ਅਮਰਜੀਤ, ਰਾਧਾ ਰਮਨ, ਗਗਨਦੀਪ ਸਿੰਘ, ਰਘੂ ਰੈਣਾ ਅਤੇ ਸਹਾਇਕ ਸਟੇਟ ਟੈਕਸ ਅਫਸਰ ਜਸਜੀਤ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।