ਲੁਧਿਆਣਾ: ਸਿਵਲ ਸਰਜਨ, ਲੁਧਿਆਣਾ, ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਮੇਂ-ਸਮੇਂ ‘ਤੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਮੌਨਸੂਨ (ਬਰਸਾਤ) ਦੇ ਦੌਰਾਨ ਵਾਤਾਵਰਣ ਵਿੱਚ ਨਮੀ ਵਧ ਜਾਂਦੀ ਹੈ, ਜਿਸ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਮੌਸਮ ਵਿੱਚ ਡੇਂਗੂ, ਮਲੇਰੀਆ, ਚਿਕਨਗੁਨੀਆ, ਡਾਇਰੀਆ, ਟਾਈਫਾਈਡ, ਪੀਲੀਆ, ਵਾਇਰਲ ਬੁਖਾਰ ਅਤੇ ਫਲੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਬਰਸਾਤੀ ਮੌਸਮ ਦੌਰਾਨ ਕੁਝ ਸਾਵਧਾਨੀਆਂ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਪਣਾਉਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਵੈਕਟਰ ਬਾਰਨ ਬਿਮਾਰੀਆਂ ਤੋਂ ਬਚਾਅ ਲਈ ਘਰਾਂ ਦੇ ਕੂਲਰਾਂ, ਫਰਿੱਜਾਂ ਦੀਆਂ ਟਰੇਆਂ, ਡਰੱਮਾਂ, ਗਮਲਿਆਂ ਆਦਿ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ। ਬਰਸਾਤੀ ਪਾਣੀ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਵਾਟਰ ਬਾਰਨ ਬਿਮਾਰੀਆਂ ਜਿਵੇਂ ਕਿ ਟਾਈਫਾਈਡ, ਹੈਜ਼ਾ, ਡਾਇਰੀਆ, ਹੈਪੇਟਾਈਟਿਸ ਆਦਿ ਤੋਂ ਬਚਾਅ ਲਈ ਪਾਣੀ ਨੂੰ ਫਿਲਟਰ ਕਰਕੇ ਜਾਂ ਉਬਾਲ ਕੇ ਪੀਣ ਲਈ ਵਰਤਿਆ ਜਾਵੇ ਅਤੇ ਸਟੋਰ ਕੀਤਾ ਪਾਣੀ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਦਸਤਾਂ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ ਤੋਂ ਬਚਣ ਲਈ ਓ.ਆਰ.ਐਸ. ਦਾ ਘੋਲ ਲਿਆ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਬੁਖਾਰ ਦੀ ਜਾਂਚ ਕਰਾਉਣ ਉਪਰੰਤ ਹੀ ਡਾਕਟਰ ਦੀ ਸਲਾਹ ਨਾਲ ਦਵਾਈ ਲਈ ਜਾਵੇ। ਅੱਜ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ, ਲੱਕੜ ਬਾਜ਼ਾਰ, ਲੁਧਿਆਣਾ ਵਿਖੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀ.ਸੀ.ਸੀ. ਕੋ-ਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਮੌਨਸੂਨ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਸਕੂਲ ਦੇ ਹੈੱਡਮਿਸਟ੍ਰੈਸ ਮੋਨਿਕਾ ਸ਼ਰਮਾ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।