ਫ਼ਰੀਦਕੋਟ: ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਰਾਜ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ਲਈ ਮਿਤੀ 27 ਜੁਲਾਈ 2025 ਨੂੰ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਅਮਨ-ਸ਼ਾਂਤੀ ਅਤੇ ਨਿਰਪੱਖਤਾ ਬਣਾਈ ਰੱਖਣ ਲਈ, ਜ਼ਿਲ੍ਹਾ ਮੈਜਿਸਟ੍ਰੇਟ, ਫ਼ਰੀਦਕੋਟ ਪੂਨਮਦੀਪ ਕੌਰ ਆਈ.ਏ.ਐੱਸ. ਨੇ ਅਹਿਮ ਹੁਕਮ ਜਾਰੀ ਕੀਤੇ ਹਨ।
ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਬਾਹਰੀ ਵਿਅਕਤੀਆਂ ਨੂੰ ਹਲਕਾ ਛੱਡਣ ਦਾ ਨਿਰਦੇਸ਼
ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ, ਜ਼ਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਹਨ ਕਿ ਪੰਚਾਇਤੀ ਚੋਣਾਂ-2025 ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀ, ਰਿਸ਼ਤੇਦਾਰ ਅਤੇ ਸਮਰਥਕ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਆਪਣੇ ਸਬੰਧਤ ਪਿੰਡਾਂ ਦੀ ਹਦੂਦ ਤੋਂ ਬਾਹਰ ਚਲੇ ਜਾਣ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਵਿਅਕਤੀਆਂ ਵੱਲੋਂ ਵੋਟਾਂ ਪੈਣ ਸਮੇਂ ਸਬੰਧਤ ਹਲਕਿਆਂ ਵਿੱਚ ਹਾਜ਼ਰ ਰਹਿਣ ਨਾਲ ਅਮਨ-ਪੂਰਵਕ ਅਤੇ ਸਹੀ ਤਰੀਕੇ ਨਾਲ ਚੱਲ ਰਹੀ ਵੋਟ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਇਹ ਹੁਕਮ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਅਤੇ ਪੰਜਾਬ ਪੰਚਾਇਤ ਚੋਣਾਂ ਰੂਲਜ਼ 48 ਤਹਿਤ ਜਾਰੀ ਕੀਤੇ ਗਏ ਹਨ।
ਹੁਕਮਾਂ ਦੀ ਪਾਲਣਾ ਅਤੇ ਲਾਗੂ ਹੋਣ ਦੀ ਮਿਆਦ
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਹਾਲਾਤ ਦੀ ਤੁਰੰਤ ਲੋੜ ਨੂੰ ਮੁੱਖ ਰੱਖਦੇ ਹੋਏ, ਇਹ ਇੱਕ ਤਰਫਾ ਹੁਕਮ ਆਮ ਜਨਤਾ ਦੇ ਨਾਮ ‘ਤੇ ਪਾਸ ਕੀਤਾ ਜਾਂਦਾ ਹੈ। ਸੀਨੀਅਰ ਕਪਤਾਨ ਪੁਲਿਸ, ਫ਼ਰੀਦਕੋਟ ਨੂੰ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਹੁਕਮ ਸਿਵਲ ਪਰਸੋਨਲ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਿਸ ਅਤੇ ਚੋਣਾਂ ਦੌਰਾਨ ਡਿਊਟੀ ਨਿਭਾ ਰਹੇ ਅਧਿਕਾਰੀਆਂ/ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ ਮਿਤੀ 27 ਜੁਲਾਈ 2025 ਤੱਕ ਕੇਵਲ ਚੋਣ ਵਾਲੇ ਪਿੰਡਾਂ ਦੀ ਹਦੂਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ, ਤਾਂ ਜੋ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।