ਸ਼ਾਹਕੋਟ: ਸ਼ਾਹਕੋਟ ਵਿਖੇ ਪਿਛਲੇ ਮਹੀਨੇ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ PSPCL ਦੇ CHB ਕਾਮੇ ਸੁਮੇਲ ਦੇ ਪਿਤਾ ਲਖਵੀਰ ਸਿੰਘ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ‘ਤੇ ਗੰਭੀਰ ਲਾਪਰਵਾਹੀ ਅਤੇ ਮਾਮਲੇ ਨੂੰ ਲਮਕਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਐਸਡੀਓ ਬਿਜਲੀ ਬੋਰਡ ਮਲਸੀਆਂ ਦੇ ਦਫ਼ਤਰ ਅੱਗੇ 5 ਅਗਸਤ 2025 ਨੂੰ ਪਰਿਵਾਰ ਸਮੇਤ ਵੱਡੇ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ, ਜੇਕਰ ਸੋਮਵਾਰ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ।
ਹਾਦਸੇ ਦਾ ਵੇਰਵਾ ਅਤੇ ਅਧਿਕਾਰੀਆਂ ‘ਤੇ ਦੋਸ਼
ਲਖਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੁਮੇਲ 8 ਜੁਲਾਈ 2025 ਨੂੰ AP ਫੀਡਰ ਹੁੰਦਲ ਵਿਖੇ ਕੰਮ ਕਰ ਰਿਹਾ ਸੀ, ਜਦੋਂ ਸ਼ਾਮ 4:15 ਤੋਂ 4:30 ਵਜੇ ਦੇ ਕਰੀਬ ਅਚਾਨਕ ਲਾਈਨ ਵਿੱਚ ਕਰੰਟ ਆਉਣ ਨਾਲ ਉਹ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਜੇਈ ਮੌਜੂਦ ਨਹੀਂ ਸੀ ਅਤੇ ਲਾਈਨਮੈਨ ਸੰਤੋਖ ਸਿੰਘ ਉਨ੍ਹਾਂ ਦੇ ਲੜਕੇ ਨੂੰ ਪੋਲ ‘ਤੇ ਚੜ੍ਹਾ ਕੇ ਕੰਮ ਲਾ ਕੇ ਆਪ ਚਲੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁਮੇਲ ਨੂੰ ਕਰੰਟ ਲੱਗਣ ‘ਤੇ ਉਸਦੇ ਸਾਥੀ ਕਾਮੇ ਗੁਰਪ੍ਰੀਤ ਸਿੰਘ ਅਤੇ ਮੇਜਰ ਸਿੰਘ ਉਸ ਨੂੰ ਗਲੋਬਲ ਹਸਪਤਾਲ, ਮਲਸੀਆਂ ਵਿਖੇ ਲੈ ਕੇ ਗਏ, ਪਰ ਜੇਈ ਅਤੇ ਲਾਈਨਮੈਨ ਘਟਨਾ ਸਥਾਨ ਤੋਂ ਹਸਪਤਾਲ ਦਾ ਸਿਰਫ 5-10 ਮਿੰਟ ਦਾ ਰਸਤਾ ਹੋਣ ਦੇ ਬਾਵਜੂਦ ਲਗਭਗ ਡੇਢ ਘੰਟੇ ਬਾਅਦ ਪਹੁੰਚੇ। ਐਸਡੀਓ ਤਾਂ ਲਗਭਗ 3 ਘੰਟੇ ਬਾਅਦ ਹਸਪਤਾਲ ਪਹੁੰਚੇ।
ਕਾਰਵਾਈ ਦੀ ਮੰਗ ਅਤੇ ਅਧਿਕਾਰੀਆਂ ਦੀ ਟਾਲ-ਮਟੋਲ
ਲਖਵੀਰ ਸਿੰਘ ਨੇ 10 ਜੁਲਾਈ ਨੂੰ ਐਸਡੀਓ ਬਿਜਲੀ ਬੋਰਡ ਮਲਸੀਆਂ ਨੂੰ ਲਿਖਤੀ ਦਰਖਾਸਤ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਪੁੱਛਿਆ ਸੀ ਕਿ ਲਾਈਨ ਵਿੱਚ ਕਰੰਟ ਕਿੱਥੋਂ ਅਤੇ ਕਿਵੇਂ ਆਇਆ, ਲਾਈਨਮੈਨ ਵੱਲੋਂ ਲਏ ਗਏ ਪਰਮਿਟ ਦੀ ਕਾਪੀ, ਅਤੇ ਕੰਮ ਕਰਨ ਸਮੇਂ ਲਾਈਨ ਨੂੰ ਟੈਂਪਰੇਰੀ ਅਰਥ ਕੀਤਾ ਗਿਆ ਸੀ ਜਾਂ ਨਹੀਂ, ਦੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲਾਈਨਮੈਨ ਸੰਤੋਖ ਸਿੰਘ ਨੇ ਇਸ ਬਾਰੇ ਪੁੱਛਣ ‘ਤੇ ਕਿਹਾ ਕਿ ਉਹ ਮੌਕੇ ‘ਤੇ ਨਹੀਂ ਸੀ ਅਤੇ ਟੈਂਪਰੇਰੀ ਅਰਥ ਕਰਨ ਬਾਰੇ ਕਿਹਾ ਕਿ ਉਨ੍ਹਾਂ ਨੇ ਪਰਮਿਟ ਲਿਆ ਹੋਇਆ ਸੀ, ਇਸ ਲਈ ਅਰਥ ਨਹੀਂ ਕੀਤਾ ਗਿਆ। ਲਖਵੀਰ ਸਿੰਘ ਨੇ ਦੱਸਿਆ ਕਿ ਪਰਮਿਟ ਦੀ ਜੋ ਕਾਪੀ ਉਨ੍ਹਾਂ ਨੂੰ ਭੇਜੀ ਗਈ, ਉਸ ਵਿੱਚ ਕਾਫੀ ਕੱਟ-ਵੱਢ ਕੀਤੀ ਹੋਈ ਸੀ, ਜਿਸ ਬਾਰੇ ਪੁੱਛਣ ‘ਤੇ ASSA ਹਰੀਸ਼ ਕੁਮਾਰ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ ਅਤੇ ਕੋਈ ਜਾਣਕਾਰੀ ਨਹੀਂ ਦੇਣਗੇ।
5 ਅਗਸਤ ਨੂੰ ਐਸਡੀਓ ਦਫ਼ਤਰ ਅੱਗੇ ਧਰਨਾ
ਲਖਵੀਰ ਸਿੰਘ ਨੇ ਦੋਸ਼ ਲਾਇਆ ਹੈ ਕਿ SDO ਬਿਜਲੀ ਬੋਰਡ ਮਲਸੀਆਂ ਸ੍ਰੀ ਰਾਮ, ਜੇਈ ਰੁਪਿੰਦਰ ਸਿੰਘ, ਲਾਈਨਮੈਨ ਸੰਤੋਖ ਸਿੰਘ ਅਤੇ ASSA ਹਰੀਸ਼ ਕੁਮਾਰ ਦੀ ਮਿਲੀਭੁਗਤ ਜਾਂ ਅਣਗਹਿਲੀ ਨਾਲ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 4 ਅਗਸਤ 2025 ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਉਹ 5 ਅਗਸਤ 2025 ਨੂੰ ਐਸਡੀਓ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਨਗੇ।