ਹੁਸ਼ਿਆਰਪੁਰ, 22 ਅਗਸਤ 2025 – ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦਾ ਦਾਅਵਾ ਕਰਨ ਵਾਲੇ ਪਾਵਰਕਾਮ ਵਿਭਾਗ ਦੇ ਕਸਬਾ ਮਾਹਿਲਪੁਰ ਦਫ਼ਤਰ ਦੀ ਲਾਪਰਵਾਹੀ ਉਸ ਸਮੇਂ ਸਾਹਮਣੇ ਆਈ, ਜਦੋਂ ਦਫ਼ਤਰ ਵਿੱਚ ਸਾਰਾ ਦਿਨ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ। ਇਸ ਕਾਰਨ ਵੱਖ-ਵੱਖ ਕੰਮਾਂ ਲਈ ਆਏ ਲੋਕਾਂ ਨੂੰ ਸਾਰਾ ਦਿਨ ਖੱਜਲ-ਖੁਆਰ ਹੋਣਾ ਪਿਆ।
30 ਘੰਟੇ ਬਿਜਲੀ ਗੁੱਲ, ਕੋਈ ਸੁਣਵਾਈ ਨਹੀਂ
ਗ੍ਰੀਨ ਐਵਨਿਊ ਕਾਲੋਨੀ ਨੇੜੇ ਦੁਆਬਾ ਸਕੂਲ ਦੇ ਵਸਨੀਕਾਂ ਸਮੇਤ ਦਰਜਨਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਿਛਲੇ 30 ਘੰਟਿਆਂ ਤੋਂ ਬਿਜਲੀ ਗੁੱਲ ਹੈ। ਉਹ ਸ਼ਿਕਾਇਤ ਦਰਜ ਕਰਵਾਉਣ ਲਈ ਦਫ਼ਤਰ ਪਹੁੰਚੇ ਸਨ, ਪਰ ਦਫ਼ਤਰ ਵਿੱਚ ਚਪੜਾਸੀ ਤੋਂ ਲੈ ਕੇ ਐੱਸ.ਡੀ.ਓ. ਤੱਕ ਕੋਈ ਵੀ ਮੌਜੂਦ ਨਹੀਂ ਸੀ। ਲੋਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਲੋਕ ਬਿਜਲੀ ਬਚਾਉਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਦੂਜੇ ਪਾਸੇ ਖਾਲੀ ਪਏ ਦਫ਼ਤਰਾਂ ਵਿੱਚ ਪੱਖੇ ਅਤੇ ਬੱਲਬ ਚੱਲ ਰਹੇ ਸਨ।
ਐੱਸ.ਡੀ.ਓ. ਨੇ ਦਿੱਤਾ ਸਫਾਈ
ਲੋਕਾਂ ਦਾ ਕਹਿਣਾ ਸੀ ਕਿ ਉਹ ਨਵੇਂ ਕੁਨੈਕਸ਼ਨ, ਬਿੱਲ ਜਮ੍ਹਾਂ ਕਰਵਾਉਣ ਅਤੇ ਹੋਰ ਕੰਮਾਂ ਲਈ ਆਏ ਸਨ ਪਰ ਉਨ੍ਹਾਂ ਨੂੰ ਖਾਲੀ ਹੱਥ ਹੀ ਵਾਪਸ ਮੁੜਨਾ ਪਿਆ। ਉਨ੍ਹਾਂ ਪੰਜਾਬ ਸਰਕਾਰ ਦੇ ‘ਘਰ ਬੈਠੇ ਸੁਵਿਧਾਵਾਂ’ ਦੇ ਦਾਅਵਿਆਂ ‘ਤੇ ਸਵਾਲ ਚੁੱਕੇ।
ਜਦੋਂ ਇਸ ਸਬੰਧੀ ਐੱਸ.ਡੀ.ਓ. ਸੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਉਸੇ ਮੁਹੱਲੇ ਵਿੱਚ ਡਿੱਗੇ ਦਰੱਖ਼ਤ ਕਾਰਨ ਬੰਦ ਹੋਈ ਬਿਜਲੀ ਸਪਲਾਈ ਨੂੰ ਬਹਾਲ ਕਰਵਾਉਣ ਲਈ ਜੰਗਲਾਤ ਵਿਭਾਗ ਦੇ ਦਫ਼ਤਰ ਗਏ ਸਨ। ਉਨ੍ਹਾਂ ਨੇ ਸਟਾਫ਼ ਦੀ ਕਮੀ ਦਾ ਵੀ ਹਵਾਲਾ ਦਿੱਤਾ ਅਤੇ ਕਿਹਾ ਕਿ ਹਫ਼ਤੇ ਵਿੱਚ ਦੋ ਦਿਨ ਸਟਾਫ਼ ਨੂੰ ਪਾਲਦੀ ਜਾਣਾ ਪੈਂਦਾ ਹੈ। ਦਫ਼ਤਰ ਵਿੱਚ ਚੱਲ ਰਹੇ ਬਿਜਲੀ ਯੰਤਰਾਂ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਉਹ ਗਏ ਸਨ ਤਾਂ ਬਿਜਲੀ ਬੰਦ ਸੀ ਅਤੇ ਬਾਅਦ ਵਿੱਚ ਸਪਲਾਈ ਬਹਾਲ ਹੋਣ ਕਾਰਨ ਉਹ ਚੱਲ ਪਏ ਹੋਣਗੇ।