ਨਕੋਦਰ: ਆਮ ਆਦਮੀ ਪਾਰਟੀ (ਆਪ) ਦੀ ਹਾਈ ਕਮਾਂਡ ਨੇ ਨਕੋਦਰ ਦੇ ਸੀਨੀਅਰ ਆਗੂ ਸ੍ਰੀ ਸੁਖਵਿੰਦਰ ਗਡਵਾਲ ਦੀਆਂ ਪਾਰਟੀ ਪ੍ਰਤੀ ਨਿਰਸਵਾਰਥ ਸੇਵਾਵਾਂ ਨੂੰ ਮਾਨਤਾ ਦਿੰਦਿਆਂ, ਉਨ੍ਹਾਂ ਨੂੰ ਹਲਕਾ ਵਿਧਾਨ ਸਭਾ ਨਕੋਦਰ ਤੋਂ ਨਸ਼ਾ ਮੁਕਤੀ ਮੋਰਚਾ ਦਾ ਕੋਆਰਡੀਨੇਟਰ ਦੀ ਅਹਿਮ ਜ਼ਿੰਮੇਵਾਰੀ ‘ਤੇ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜਾਰੀ ‘ਯੁੱਧ’ ਨੂੰ ਹੋਰ ਤੇਜ਼ ਕਰਨ ਦੇ ਆਮ ਆਦਮੀ ਪਾਰਟੀ ਦੇ ਸੰਕਲਪ ਨੂੰ ਦਰਸਾਉਂਦੀ ਹੈ।
ਨਵ-ਨਿਯੁਕਤ ਕੋਆਰਡੀਨੇਟਰ ਸ੍ਰੀ ਸੁਖਵਿੰਦਰ ਗਡਵਾਲ ਨੇ ਇਸ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਸ੍ਰੀ ਮਨੀਸ਼ ਸਿਸੋਦੀਆ, ਸ੍ਰੀ ਅਮਨ ਅਰੋੜਾ, ਸ੍ਰੀ ਨਯਨ ਛਾਬੜਾ ਅਤੇ ਖਾਸ ਤੌਰ ‘ਤੇ ਆਪਣੇ ਹਲਕੇ ਦੇ ਸਮੁੱਚੇ ਵਿਕਾਸ ਵਾਸਤੇ ਦਿਨ-ਰਾਤ ਇੱਕ ਕਰਨ ਵਾਲੇ ਲੋਕ ਸੇਵਾ ਨੂੰ ਸਮਰਪਿਤ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਸਮੇਤ ਸਮੁੱਚੀ ਹਾਈ ਕਮਾਂਡ ਅਤੇ ਹਲਕੇ ਦੇ ਸਤਿਕਾਰਯੋਗ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਨਸ਼ਾ ਮੁਕਤ ਪੰਜਾਬ ਦਾ ਅਹਿਦ
ਸ੍ਰੀ ਗਡਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨੂੰ ਉਹ ਪੂਰੀ ਤਨਦੇਹੀ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਵੱਲੋਂ ਉਨ੍ਹਾਂ ‘ਤੇ ਕੀਤੇ ਵਿਸ਼ਵਾਸ਼ ਨੂੰ ਉਹ ਬਾਖੂਬੀ ਨਿਭਾਉਣਗੇ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਮੁਤਾਬਿਕ ਪੰਜਾਬ ਨੂੰ ਨਸ਼ੇ ਦੇ ਕੋਹੜ ਤੋਂ ਮੁਕਤ ਕਰਨ ਲਈ ਵਚਨਬੱਧ ਹਨ।
ਜਨ ਅੰਦੋਲਨ ਦੀ ਤਿਆਰੀ
ਸ੍ਰੀ ਸੁਖਵਿੰਦਰ ਗਡਵਾਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਚੱਲ ਰਹੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ, ਹਾਈ ਕਮਾਂਡ ਅਤੇ ਉਨ੍ਹਾਂ ਦੇ ਹਲਕੇ ਦਾ ਮਾਣ ਮੈਡਮ ਇੰਦਰਜੀਤ ਕੌਰ ਮਾਨ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਆਪਣੀ ਨਸ਼ਾ ਮੁਕਤੀ ਮੋਰਚਾ ਦੀ ਸਮੁੱਚੀ ਟੀਮ ਅਤੇ ਹਲਕੇ ਦੇ ਲੋਕਾਂ ਦੇ ਸਹਿਯੋਗ ਨਾਲ ਉਹ ਨਸ਼ੇ ਦੇ ਖਿਲਾਫ ਪਿੰਡ-ਪਿੰਡ ਅਤੇ ਘਰ-ਘਰ ਤੱਕ ਇੱਕ ਜਨ ਅੰਦੋਲਨ ਤਿਆਰ ਕਰਨਗੇ। ਇਸ ਦਾ ਮੁੱਖ ਉਦੇਸ਼ ਸਮਾਜ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਕੇ ‘ਰੰਗਲਾ ਪੰਜਾਬ’ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਹੈ।
ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਵੀ ਇਸ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਮਾਂ-ਬਾਪ ਦੇ ਪੁੱਤ, ਕਿਸੇ ਭੈਣ-ਭਰਾ ਦੇ ਵੀਰ ਜਾਂ ਕਿਸੇ ਪਤਨੀ ਦੇ ਪਤੀ ਨੂੰ ਸਮਾਜ ਵਿੱਚ ਫੈਲੇ ਇਸ ਕੋਹੜ ਕਰਕੇ ਆਪਣੀਆਂ ਅਨਮੋਲ ਜਾਨਾਂ ਨਾ ਗਵਾਉਣੀਆਂ ਪੈਣ। ਸ੍ਰੀ ਗਡਵਾਲ ਨੇ ਉਮੀਦ ਜਤਾਈ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਚੱਲ ਰਹੇ ਸਰਵਪੱਖੀ ਵਿਕਾਸ ਨਾਲ ਹਰ ਘਰ ਵਿੱਚ ਖੁਸ਼ਹਾਲੀ, ਤੰਦਰੁਸਤੀ ਅਤੇ ਤਰੱਕੀ ਦਾ ਮਾਹੌਲ ਹੋਵੇਗਾ।