ਇਸਲਾਮਾਬਾਦ: ਇਹ 17 ਸਾਲ ਦੀ ਕੁੜੀ ਸੀ। ਇੱਕ ਮੁਸਕੁਰਾਉਂਦਾ ਚਿਹਰਾ। ਆਪਣੀ ਸਾਲਗਿਰ੍ਹਾ ਤੇ ਗੁੱਡੀਆਂ-ਪਟੋਲੇ ਵਾਲੀ ਉਮਰ ਵਿਚ, ਜਿੱਥੇ ਬੱਚੀਆਂ ਨੂੰ ਬਰਗਰ ਖਾਣਾ, ਟਿਕਟੌਕ ‘ਤੇ ਨੱਚਣਾ, ਜਾਨਵਰਾਂ ਨਾਲ ਖੇਡਣਾ ਚਾਹੀਦਾ, ਉਥੇ ਇਕ ਜ਼ਹਿਰੀਲੇ ਜਹਿਨ ਨੇ ਉਸਦੇ ਹੱਸਦੇ ਚਿਹਰੇ ‘ਤੇ ਗੋਲੀ ਮਾਰ ਦਿੱਤੀ। ਵਜ੍ਹਾ?
ਕਿਉਂਕਿ ਕੁੜੀ ਨੇ ‘ਨਾ’ ਕਿਹਾ ਸੀ। ਮੁੰਡਾ ਦੋਸਤੀ ਕਰਨਾ ਚਾਹੁੰਦਾ ਸੀ। ਰੋਜ਼ ਮੂੰਹ ਲਾਂਦਾ। ਬੱਚੀ ਨੇ ‘ਨਾ’ ਕਿਹਾ। ਫਿਰ ਵੀ ਸੁਣਨ ਵਾਲਾ ਨਹੀਂ ਸੀ। ਤੇ ਫਿਰ ਹੱਦ ਤਾਂ ਓਦੋ ਹੋ ਗਈ ਜਦੋਂ ਗੋਲੀ ਚਲ ਗਈ।
ਹੁਣ ਸੁਣੋ -ਕਬਰ ਦੀ ਮਿੱਟੀ ਵੀ ਨਹੀਂ ਸੀ ਸੁੱਕੀ, ਤੇ ਲੋਕੀ ਚਿਹਰੇ ਉੱਤੇ ਨਿਕ਼ਾਬ, ਦਿਲ ‘ਚ ਜ਼ਹਿਰ ਲੈ ਕੇ ਪੁੱਛਣ ਲੱਗ ਪਏ -“ਉਹ ਵੀਡੀਓ ਬਣਾਉਂਦੀ ਕਿਉਂ ਸੀ? ਮੁੰਡੇ ਨੂੰ ‘ਨਾ’ ਕਿਹਣ ਦੀ ਲੋੜ ਕੀ ਸੀ? ਗੱਲ ਕੀਤੀ ਕਿਉਂ ਸੀ? ਮਾਪੇ ਕਿੱਥੇ ਸੀ?”
ਕੌਮਾਂ ‘ਚ ਜਦੋਂ ਹੈਵਾਨੀਅਤ ਆਪਣੀ ਹੱਦ ਤੋਂ ਲੰਘ ਜਾਵੇ, ਤਾਂ ਲਾਸ਼ ਦੀ ਚੀਕ ਵੀ ਕਫਨ ਚ ਦੱਬ ਜਾਂਦੀ। ਹੌਲੀ-ਹੌਲੀ, ਏਸ ਮੁਲਕ ਵਿੱਚ ਔਰਤਾਂ ਦੀ ਮੌਤ ਮਾਮੂਲੀ ਬਣ ਗਈ ਹੈ। ਪਾਕਿਸਤਾਨੀ ਸਰਕਾਰ ਦੇ ਆਪਣੇ ਅੰਕੜੇ ਕਹਿੰਦੇ ਨੇ — “ਇੱਥੇ ਹਰ ਸਾਲ 1000 ਔਰਤਾਂ ਮਾਰੀ ਜਾਂਦੀਆਂ ਨੇ।” ਜਿਹੜੀਆਂ ਕੇਸ ਥਾਣਿਆਂ ਤੱਕ ਪਹੁੰਚ ਜਾਂਦੀਆਂ ਨੇ, ਉਹ ਤਾਂ ਰਿਪੋਰਟ ਹੋ ਜਾਂਦੀਆਂ। ਜਿਹੜੀਆਂ ਘਰਾਂ ‘ਚ ਸਿਲੰਡਰ ‘ਫੱਟਣ’, ਕਰੰਟ ਲੱਗਣ, ਜਾਂ “ਚਾਹ ਪੀਦਿਆਂ” ਗੱਲਾਂ ‘ਚ ਮਰ ਜਾਂਦੀਆਂ, ਉਨ੍ਹਾਂ ਦੀ ਗਿਣਤੀ ਕੋਈ ਨਹੀਂ ਰੱਖਦਾ।
ਪਰ ਜਵਾਬ ਤਾਂ ਸਾਡੀ ਜੇਬ ‘ਚ ਪੱਕਾ ਪਿਆ ਹੁੰਦਾ ਹੈ।
ਜਦੋਂ ਵੀ ਕਿਸੇ ਔਰਤ ‘ਤੇ ਜੁਲਮ ਹੋਵੇ, ਅਸੀਂ ਅੱਖਾਂ ਚੇਤੀ ਭੰਨ ਲੈਂਦੇ ਹਾਂ, ਤੇ ਕਹਿ ਦਿੰਦੇ ਹਾਂ -“ਹਿੰਦੁਸਤਾਨ ਵੇਖੋ, ਉਥੇ ਤਾਂ ਵਧੇਰੇ ਹੁੰਦਾ। ਅਮਰੀਕਾ-ਵਿਲਾਇਤ ‘ਚ ਵੀ ਕੁੜੀਆਂ ਮਰਦੀਆਂ ਨੇ।” ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਕਦੇ ਸਵਾਲ ਨਹੀਂ ਪੁੱਛਣਾ। ਕਦੇ ਵਿਰੋਧ ਨਹੀਂ ਕਰਨਾ। ਕਦੇ ਖੜੇ ਨਹੀਂ ਹੋਣਾ। ਕਿਉਂਕਿ ਤੁਹਾਡੇ ਵੱਸ ‘ਚ ਹੈ ਹੀ ਨਹੀਂ। ਤੁਸੀਂ ਤਾਂ ਇਹ ਤੱਕ ਪੁੱਛ ਲੈਣਾ ਸੀ -“ਇਹ ਬੱਚੀ ਜੰਮੀ ਹੀ ਕਿਉਂ ਸੀ?” ਕਿੱਤੇ ਹਾਲਾਤ ਨੇ। ਕਿਵੇਂ ਕਹਿਣਾ? ਇਹ ਤਾਂ ਸਾਡੀ ਕੌਮ ਦਾ ਮਾੜਾ ਸਮਾਂ ਹੈ। ਇੱਕ ਕੁੜੀ, ਜੋ ਵੀਡੀਓ ਬਣਾਉਂਦੀ ਸੀ, ਉਸਦੇ ਘਰ, ਉਸਦੀ ਜ਼ਮੀਨ ਤੇ, ਉਸਦੇ ਹੱਕ ‘ਚ ਗੋਲੀ ਮਾਰ ਦਿੱਤੀ। ਤੇ ਅਸੀਂ ਉਲਟ ਪੁੱਛ ਰਹੇ ਹਾਂ ਕਿ ਉਹ ਵੀਡੀਓ ਬਣਾਉਂਦੀ ਕਿਉਂ ਸੀ। ਤੁਸੀਂ ਦੱਸੋ -ਕੌਮਾਂ ਇਸ ਤਰ੍ਹਾਂ ਕਦੋਂ ਤਕ ਬਚ ਸਕਦੀਆਂ ਨੇ?