ਲੁਧਿਆਣਾ: ਅੰਤਰਰਾਸ਼ਟਰੀ ਅੰਗ ਦਾਨ ਦਿਵਸ ਦੇ ਮੌਕੇ ‘ਤੇ ਅੱਜ ਜ਼ਿਲ੍ਹਾ ਸਿਹਤ ਵਿਭਾਗ ਲੁਧਿਆਣਾ ਵੱਲੋਂ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਸਮੇਤ ਸਾਰੇ ਸਬ-ਡਿਵੀਜ਼ਨਲ ਹਸਪਤਾਲਾਂ (SDH) ਅਤੇ ਕਮਿਊਨਟੀ ਹੈਲਥ ਸੈਂਟਰਾਂ (CHC) ਵਿੱਚ ਅੰਗ ਦਾਨ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਹਤ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਦੌਰਾਨ ਅਧਿਕਾਰਤ ਨੋਟੋ (NOTTO) ਸਹੁੰ ਲਿੰਕ ਨੂੰ ਵਟਸਐਪ ਰਾਹੀਂ ਸਾਂਝਾ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ ‘ਤੇ ਸਮੂਹਕ ਡਿਜੀਟਲ ਸਹੁੰ ਸਮਾਗਮ ਆਯੋਜਿਤ ਕੀਤੇ ਗਏ। ਡਾਕਟਰਾਂ ਨੂੰ ਵੀ ਇਹ ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਗਿਆ ਕਿ ਜੇ ਕੋਈ ਮਰੀਜ਼ ਜਾਂ ਉਸ ਦਾ ਪਰਿਵਾਰ ਅੰਗ ਦਾਨ ਬਾਰੇ ਜਾਣਕਾਰੀ ਲੈਣਾ ਚਾਹੇ ਤਾਂ ਉਸ ਨੂੰ ਸਹੀ ਮਾਰਗਦਰਸ਼ਨ ਮਿਲ ਸਕੇ।
ਡਾ. ਰਮਨਦੀਪ ਕੌਰ ਨੇ ਇਸ ਮੌਕੇ ਕਿਹਾ, “ਅੰਗ ਦਾਨ ਇੱਕ ਪਵਿੱਤਰ ਕਾਰਜ ਹੈ ਜੋ ਕਈ ਕੀਮਤੀ ਜ਼ਿੰਦਗੀਆਂ ਬਚਾ ਸਕਦਾ ਹੈ। ਸਾਡਾ ਇਹ ਯਤਨ ਸਿਰਫ਼ ਜਾਗਰੂਕਤਾ ਤੱਕ ਸੀਮਿਤ ਨਹੀਂ, ਬਲਕਿ ਲੋਕਾਂ ਨੂੰ ਇਸ ਮਹਾਨ ਪਹਿਲ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰਨਾ ਹੈ।” ਇਸ ਮੁਹਿੰਮ ਨੂੰ ਜ਼ਿਲ੍ਹੇ ਦੇ ਸਿਹਤ ਕਰਮਚਾਰੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਅੰਗ ਦਾਨ ਨੂੰ “ਜੀਵਨ ਦਾ ਤੋਹਫ਼ਾ” ਵਜੋਂ ਪ੍ਰਚਾਰਿਤ ਕਰਕੇ ਇਸ ਸਮਾਜਿਕ ਕਾਰਜ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।