ਨਕੋਦਰ: ਜ਼ਨਤ-ਏ-ਦਰਬਾਰ ਗੁੱਗਾ ਜਾਹਿਰ ਬੀਰ ਜੀ ਬਜਵਾੜਾ ਕਲਾਂ (ਹੁਸ਼ਿਆਰਪੁਰ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਦੋ-ਰੋਜ਼ਾ ਮੇਲਾ 16 ਅਤੇ 17 ਅਗਸਤ ਨੂੰ ਗੱਦੀ ਨਸ਼ੀਨ ਅਨਿਲ ਜੈਰਥ ਜੀ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਜਾਵੇਗਾ।
ਪਹਿਲਾ ਦਿਨ: ਭਗਵਤੀ ਜਾਗਰਣ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਮੇਲੇ ਦੀ ਸ਼ੁਰੂਆਤ 16 ਅਗਸਤ, ਸ਼ਨੀਵਾਰ ਨੂੰ ਸਵੇਰੇ 5 ਵਜੇ ਜੋਤ ਪ੍ਰਚੰਡ ਕਰਨ ਨਾਲ ਹੋਵੇਗੀ। ਇਸ ਤੋਂ ਬਾਅਦ ਸਵੇਰੇ 6 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 7:30 ਵਜੇ ਮੰਦਰ ਮੁਹੱਲਾ ਭੱਲਿਆ ਤੋਂ ਸ਼ੋਭਾ ਯਾਤਰਾ ਆਰੰਭ ਹੋਵੇਗੀ, ਜੋ 10 ਵਜੇ ਮੰਦਰ ਗੁੱਗਾ ਜਾਹਿਰ ਬੀਰ ਜੀ ਨਕੋਦਰ ਵਿਖੇ ਪਹੁੰਚੇਗੀ। ਗੁੱਗਾ ਜਾਹਿਰ ਬੀਰ ਜੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ, ਸ਼ਰਧਾਲੂਆਂ ਲਈ ਸਵੇਰੇ 11 ਵਜੇ ਸ਼ਿਵ ਮੈਡੀਕਲ ਨਜ਼ਦੀਕ ਗਗਨ ਪਾਰਕ ਵਿਖੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਸੰਗਤ ਬਜਵਾੜਾ ਕਲਾਂ ਵਿਖੇ ਮੇਲੇ ਲਈ ਰਵਾਨਾ ਹੋਵੇਗੀ। ਸ਼ਾਮ 6 ਵਜੇ ਅਸ਼ਟ ਧਾਤੂ ਦੀ ਮੂਰਤੀ ਦੀ ਪੂਜਾ ਸ੍ਰੀਮਤੀ ਪੂਨਮ ਛਾਬੜਾ ਆਪਣੇ ਪਰਿਵਾਰ ਸਮੇਤ ਕਰਵਾਉਣਗੇ। ਸ਼ਾਮ 7 ਵਜੇ ਭਗਵਤੀ ਮਾਂ ਦਾ ਜਾਗਰਣ ਸ਼ੁਰੂ ਹੋਵੇਗਾ, ਜਿਸ ਵਿੱਚ ਵਿੱਕੀ ਢੀਂਗਰਾ, ਸਿਧਾਰਥ ਜੋਗੀ ਅਤੇ ਮਨੀ ਲਾਡਲਾ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ 12 ਵਜੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਭੋਗ ਲਗਾਇਆ ਜਾਵੇਗਾ।
ਦੂਜਾ ਦਿਨ: ਹਵਨ, ਆਰਤੀ ਅਤੇ ਮਹਿਫ਼ਲੇ-ਕਵਾਲੀ
17 ਅਗਸਤ, ਐਤਵਾਰ ਨੂੰ ਮੇਲੇ ਦੇ ਦੂਜੇ ਦਿਨ ਦੀ ਸ਼ੁਰੂਆਤ ਸਵੇਰੇ 8 ਵਜੇ ਹਵਨ-ਯੱਗ ਨਾਲ ਹੋਵੇਗੀ, ਜਿਸ ਤੋਂ ਬਾਅਦ 8:30 ਵਜੇ ਬਾਬਾ ਜੀ ਦੀ ਆਰਤੀ ਹੋਵੇਗੀ। ਸਵੇਰੇ 9 ਵਜੇ ਡਮਰੂ ਵਾਲੇ ਬਾਬਾ ਜੀ ਵੱਲੋਂ ਗੁਣਗਾਨ ਕੀਤਾ ਜਾਵੇਗਾ ਅਤੇ ਸਵੇਰੇ 11 ਵਜੇ ਮਹਿਫ਼ਲੇ-ਕਵਾਲੀਆਂ ਸ਼ੁਰੂ ਹੋਣਗੀਆਂ। ਇਸ ਵਿੱਚ ਭਗਤ ਡਮਰੂ ਵਾਲੇ, ਇਸ਼ਰਤ ਅਲੀ ਖ਼ਾਂ, ਕਮਲ ਖ਼ਾਂ ਅਤੇ ਹੈਰੀ ਸਿੰਘ ਵਰਗੇ ਕਲਾਕਾਰ ਆਪਣੀ ਕਵਾਲੀ ਪੇਸ਼ ਕਰਨਗੇ। ਦੁਪਹਿਰ 1 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਦੁਪਹਿਰ 2 ਵਜੇ ਅਟੁੱਟ ਭੰਡਾਰਾ ਵਰਤਾਇਆ ਜਾਵੇਗਾ।