ਚੰਡੀਗੜ੍ਹ: ਚੰਡੀਗੜ੍ਹ ਵਿੱਚ ਇੰਡਸਟਰੀਅਲ ਏਰੀਆ ਅਧੀਨ ਆਉਂਦੇ ਪਿੰਡ ਦੜਵਾ ਦੇ ਇੱਕ ਹੋਟਲ ਵਿੱਚ ਅੱਜ ਇੱਕ ਦਿਲ-ਕੰਬਾਊ ਘਟਨਾ ਵਾਪਰੀ, ਜਿੱਥੇ ਇੱਕ ਪ੍ਰੇਮੀ ਜੋੜੇ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ। ਇਹ ਜੋੜਾ ਉੱਤਰ ਪ੍ਰਦੇਸ਼ ਤੋਂ ਭੱਜ ਕੇ ਆਇਆ ਸੀ।
ਹੋਟਲ ਦੇ ਕਮਰੇ ਵਿੱਚੋਂ ਆਈਆਂ ਚੀਕਾਂ
ਹੋਟਲ ਗੋਲਡਨ ਵਿਊ ਦੇ ਪ੍ਰਬੰਧਕ ਸੁਰਜੀਤ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 3:20 ਵਜੇ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਹੋਟਲ ਵਿੱਚ ਕਮਰਾ ਲਿਆ ਸੀ। ਕਰੀਬ 5:30 ਵਜੇ ਉਨ੍ਹਾਂ ਦੇ ਕਮਰੇ ਵਿੱਚੋਂ ਉਲਟੀਆਂ ਕਰਨ ਅਤੇ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਹੋਟਲ ਸਟਾਫ਼ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅੰਦਰ ਕੱਚ ਦੇ ਟੁਕੜੇ ਵੀ ਪਏ ਸਨ।
ਪੁਲਿਸ ਨੇ ਕੀਤੀ ਪਛਾਣ, ਮਿਲਿਆ ਸੁਸਾਈਡ ਨੋਟ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀਆਂ ਅਤੇ ਦੋਵਾਂ ਨੂੰ ਜੀ.ਐੱਮ.ਸੀ.ਐੱਚ.-32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ, ਲੜਕੀ ਦੀ ਪਛਾਣ ਬੇਗਰਾਜਪੁਰ, ਜ਼ਿਲ੍ਹਾ ਮੁਜ਼ੱਫਰਪੁਰ (ਯੂ.ਪੀ.) ਦੀ ਵਾਸੀ ਸ਼ਾਲੂ (16) ਅਤੇ ਨੌਜਵਾਨ ਦੀ ਪਛਾਣ ਅਰਸ਼ਦ (24) ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਅਤੇ ਸੰਧੂਰ ਵੀ ਬਰਾਮਦ ਹੋਇਆ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਨਾਬਾਲਗ ਸ਼ਾਲੂ ਦੇ ਪਰਿਵਾਰ ਨੇ ਉੱਤਰ ਪ੍ਰਦੇਸ਼ ਵਿੱਚ ਅਰਸ਼ਦ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਵਾਇਆ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਘਰੋਂ ਭੱਜ ਗਏ ਸਨ।