ਲੁਧਿਆਣਾ: ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਚੱਲ ਰਹੀ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਦੇ ਹਿੱਸੇ ਵਜੋਂ, ਅੱਜ ਸਿਹਤ ਵਿਭਾਗ ਲੁਧਿਆਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ ਗਈ। ਇਸ ਦੌਰਾਨ ਕਈ ਨਰਸਰੀਆਂ ‘ਚੋਂ ਡੇਂਗੂ ਦਾ ਲਾਰਵਾ ਮਿਲਣ ‘ਤੇ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਹਫ਼ਤਾਵਾਰੀ ਅਭਿਆਨ ਤਹਿਤ ਹਰ ਸ਼ੁੱਕਰਵਾਰ ਨੂੰ ਨਿਰੀਖਣ ਕਰਕੇ ਸੰਭਾਵਿਤ ਬਰੀਡਿੰਗ ਸਥਾਨਾਂ ਨੂੰ ਚਿੰਨ੍ਹਤ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਸਿਰਫ਼ ਸਿਹਤ ਵਿਭਾਗ ਦੀ ਮਿਹਨਤ ਨਾਲ ਨਹੀਂ, ਬਲਕਿ ਲੋਕਾਂ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।
ਨਰਸਰੀਆਂ ‘ਤੇ ਸਖ਼ਤ ਨੋਟਿਸ
ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਅੱਜ ਨਰਸਰੀਆਂ ਦਾ ਨਿਰੀਖਣ ਕੀਤਾ, ਜਿੱਥੇ ਕਈ ਪੌਦਿਆਂ ਦੇ ਗਮਲਿਆਂ ਅਤੇ ਪਾਣੀ ਵਾਲੇ ਭਾਂਡਿਆਂ ਵਿੱਚ ਡੇਂਗੂ ਲਾਰਵਾ ਪਾਜ਼ੀਟਿਵ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਲਾਰਵਾ ਖੜ੍ਹੇ ਪਾਣੀ ਵਾਲੀਆਂ ਥਾਵਾਂ ‘ਤੇ ਮਿਲਿਆ, ਜੋ ਸਾਵਧਾਨੀ ਨਾ ਰੱਖਣ ਦਾ ਸਪੱਸ਼ਟ ਸੰਕੇਤ ਹੈ। ਸਿਹਤ ਵਿਭਾਗ ਨੇ ਤੁਰੰਤ ਨਰਸਰੀ ਮਾਲਕਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਗਮਲਿਆਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਹਫ਼ਤਾਵਾਰੀ ਜਾਂਚ ਯਕੀਨੀ ਬਣਾਉਣ। ਜਿਹੜੀਆਂ ਨਰਸਰੀਆਂ ਵਿੱਚ ਲਾਰਵਾ ਮਿਲਿਆ, ਉਨ੍ਹਾਂ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਕਿ ਜੇ ਦੁਬਾਰਾ ਲਾਪਰਵਾਹੀ ਹੋਈ ਤਾਂ ਮਹਾਮਾਰੀ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਹਰੇਕ ਨਾਗਰਿਕ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਆਪਣੇ ਘਰਾਂ, ਛੱਤਾਂ, ਗਮਲਿਆਂ, ਕੂਲਰਾਂ ਅਤੇ ਆਸ-ਪਾਸ ਦੀਆਂ ਥਾਵਾਂ ਦੀ ਜਾਂਚ ਕਰਨ। ਸਿਰਫ਼ ਸਾਵਧਾਨੀ ਅਤੇ ਸਫ਼ਾਈ ਨਾਲ ਹੀ ਡੇਂਗੂ ਨੂੰ ਹਰਾਇਆ ਜਾ ਸਕਦਾ ਹੈ।