ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਗਰਮੀਆਂ ਦੀ ਮੌਜੂਦਾ ਲਹਿਰ ਵਿਚ ਵਧ ਰਹੀਆਂ ਬਿਮਾਰੀਆਂ, ਖ਼ਾਸ ਕਰਕੇ ਹੈਜੇ (ਕੋਲਰਾ) ਵਰਗੀਆਂ ਪੇਟ ਦੀਆਂ ਬਿਮਾਰੀਆਂ ਦੇ ਵਧਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ‘ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਲੋਕਾਂ ਨੂੰ ਇਸ ਬਿਮਾਰੀ ਦੇ ਕਾਰਨ, ਲੱਛਣ ਅਤੇ ਬਚਾਅ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਕਰ ਸਕਣ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਗਰਮੀਆਂ ਦੇ ਦਿਨਾਂ ਵਿੱਚ ਹੈਜੇ ਹੋਣ ਦਾ ਖ਼ਤਰਾ ਕਾਫੀ ਵਧ ਜਾਂਦਾ ਹੈ। ਇਸ ਬਿਮਾਰੀ ਦੀ ਲਾਪਰਵਾਹੀ ਕਈ ਵਾਰ ਘਾਤਕ ਰੂਪ ਧਾਰਨ ਕਰ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਦੂਸਿ਼ਤ ਪਾਣੀ ਪੀਣ ਜਾਂ ਗੰਦੀ ਸਫਾਈ ਕਾਰਨ ਫੈਲਦੀ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨੇ ਗਰਮੀ ਦੇ ਦਿਨਾਂ ਵਿੱਚ ਬਾਹਰ ਖਾਣ-ਪੀਣ ਦੀਆਂ ਆਦਤਾਂ ਪਾਈਆਂ ਹੁੰਦੀਆਂ ਹਨ, ਉਨ੍ਹਾਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਸਕਦੀ ਹੈ।
ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਹੈਜੇ ਦੇ ਲੱਛਣਾਂ ਵਿੱਚ ਵਿਅਕਤੀ ਨੂੰ ਪਤਲੇ ਦਸਤ, ਉਲਟੀਆਂ, ਪਾਣੀ ਦੀ ਵੱਧ ਘਾਟ ਅਤੇ ਕਮਜ਼ੋਰੀ ਆਉਂਦੀ ਹੈ। ਜੇਕਰ ਉਚਿਤ ਉਪਚਾਰ ਨਾ ਲਿਆ ਜਾਵੇ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਜਾ਼ਰਾਂ ਵਿੱਚ ਵਿੱਕ ਰਹੀਆਂ ਬਰਫ ਜਾਂ ਬਰਫ ਤੋਂ ਬਣੀਆਂ ਖਾਣ-ਪੀਣ ਦੀਆਂ ਵਸਤਾਂ ਜਿਵੇਂ ਕਿ ਕੁਲਫੀਆਂ, ਬਰਫ ਦੇ ਗੋਲੇ, ਆਈਸਕਰੀਮ, ਗੰਨੇ ਦਾ ਰਸ, ਕੱਟੇ ਹੋਏ ਫਲ-ਫਰੂਟ, ਅਣਢੱਕੀਆਂ ਮਿਠਾਈਆਂ ਅਤੇ ਬਾਸੀ ਭੋਜਨ ਖਾਣ ਤੋਂ ਬਚਣ। ਇਨ੍ਹਾਂ ਚੀਜ਼ਾਂ ਵਿੱਚ ਜਰਾਸੀਮ ਹੋਣ ਦੀ ਸੰਭਾਵਨਾ ਹੋਣ ਕਰਕੇ ਇਹ ਹੈਜੇ ਵਧਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ।
ਉਨ੍ਹਾਂ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਕਰਨ ਲਈ ੳ ਆਰ ਐਸ ਘੋਲ ਜਾਂ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਜੇਕਰ ਦਸਤ ਜਾਂ ਉਲਟੀਆਂ ਲੰਮੇ ਸਮੇਂ ਤਕ ਠੀਕ ਨਾ ਹੋਣ, ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ‘ਤੇ ਓ ਆਰ ਐਸ ਦੇ ਪੈਕੇਟ ਮੁਫ਼ਤ ਵੰਡੇ ਜਾ ਰਹੇ ਹਨ, ਤਾਂ ਜੋ ਲੋੜਵੰਦ ਲੋਕ ਆਪਣਾ ਇਲਾਜ ਕਰਵਾ ਸਕਣ।
ਅੰਤ ਵਿੱਚ ਡਾ. ਰਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀਆਂ ਦੇ ਦਿਨਾਂ ਵਿੱਚ ਆਪਣੀ ਖੁਰਾਕ ਅਤੇ ਪਾਣੀ ਦੀ ਗੁਣਵੱਤਾ ਬਾਰੇ ਜਾਗਰੂਕ ਰਹਿਣ। ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਇਆ ਜਾਵੇ ਅਤੇ ਬਾਹਰੀ ਖਾਣ-ਪੀਣ ਤੋਂ ਜਿੰਨਾ ਵੀ ਹੋ ਸਕੇ ਪਰਹੇਜ਼ ਕੀਤਾ ਜਾਵੇ। ਖ਼ਾਸ ਕਰਕੇ ਗਲੀਆਂ, ਮੰਡੀ ਅਤੇ ਹਾਟਾਂ ‘ਚ ਵਿੱਕ ਰਹੀਆਂ ਕੁਲਫੀਆਂ, ਗੋਲੇ ਅਤੇ ਹੋਰ ਪਦਾਰਥਾਂ ਨੂੰ ਬੱਚਿਆਂ ਤੋਂ ਦੂਰ ਰੱਖਿਆ ਜਾਵੇ, ਤਾਂ ਜੋ ਉਨ੍ਹਾਂ ਦੀ ਸਿਹਤ ‘ਤੇ ਕੋਈ ਬੁਰਾ ਪ੍ਰਭਾਵ ਨਾ ਪਵੇ।