ਜਲੰਧਰ: ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਸ੍ਰੀ ਸਰਬਜੀਤ ਰਾਏ ਦੀ ਅਗਵਾਈ ਹੇਠ, ਜਲੰਧਰ ਦਿਹਾਤੀ ਪੁਲਿਸ ਨੇ “ਆਪਰੇਸ਼ਨ ਕਾਸੋ” ਤਹਿਤ ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਇੱਕ ਵਿਸ਼ੇਸ਼ ਰੋਕਥਾਮ ਅਭਿਆਨ ਚਲਾਇਆ। ਇਸ ਵਿਆਪਕ ਮੁਹਿੰਮ ਦੌਰਾਨ, ਕੁੱਲ 8 ਗਜ਼ਟਿਡ ਅਧਿਕਾਰੀ ਅਤੇ 128 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਜ਼ਿਲ੍ਹੇ ਦੇ 20 ਹੌਟਸਪੌਟ ਇਲਾਕਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਜਾਂਚ ਦੇ ਨਤੀਜੇ ਵਜੋਂ, 4 ਐਫਆਈਆਰਜ਼ ਦਰਜ ਕੀਤੀਆਂ ਗਈਆਂ ਅਤੇ NDPS ਐਕਟ ਤਹਿਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੱਖ-ਵੱਖ ਥਾਵਾਂ ‘ਤੇ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲੰਧਰ ਦਿਹਾਤੀ ਪੁਲਿਸ ਨੇ ਦੱਸਿਆ ਕਿ “ਆਪਰੇਸ਼ਨ ਕਾਸੋ” ਦਾ ਮੁੱਖ ਉਦੇਸ਼ ਨਸ਼ਾ ਤਸਕਰੀ ਦੀ ਲੜੀ ਨੂੰ ਪੂਰੀ ਤਰ੍ਹਾਂ ਤੋੜਣਾ, ਨੌਜਵਾਨ ਪੀੜ੍ਹੀ ਨੂੰ ਨਸ਼ੀਲੇ ਪਦਾਰਥਾਂ ਦੇ ਚੁੰਗਲ ਤੋਂ ਬਚਾਉਣਾ ਅਤੇ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣਾ ਹੈ।
ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਕਾਰਵਾਈ ਸਿਰਫ ਸ਼ੁਰੂਆਤ ਹੈ ਅਤੇ “ਆਪਰੇਸ਼ਨ ਕਾਸੋ” ਤਹਿਤ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤੀਬਰ ਅਤੇ ਨਿਰੰਤਰ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਨਸ਼ਾ ਤਸਕਰ ਜਾਂ ਅਪਰਾਧਿਕ ਤੱਤ ਨੂੰ ਕਿਸੇ ਵੀ ਕੀਮਤ ‘ਤੇ ਰਿਆਇਤ ਨਹੀਂ ਦਿੱਤੀ ਜਾਵੇਗੀ। ਜਲੰਧਰ ਦਿਹਾਤੀ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਸ਼ਾ ਵਿਰੁੱਧ ਇਸ ਲੜਾਈ ਵਿੱਚ ਪੁਲਿਸ ਦਾ ਸਹਿਯੋਗ ਦੇਣ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਹੈਲਪਲਾਈਨ ‘ਤੇ ਦਿੱਤੀ ਜਾਵੇ।