ਬਠਿੰਡਾ: ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ‘ਕਮਲ ਕੌਰ ਭਾਬੀ’ ਦੇ ਨਾਮ ਨਾਲ ਮਸ਼ਹੂਰ ਕੰਚਨ ਕੁਮਾਰੀ ਦੇ ਕਤਲ ਕੇਸ ਵਿੱਚ ਇੱਕ ਅਹਿਮ ਖੁਲਾਸਾ ਕੀਤਾ ਹੈ। ਪੁਲਿਸ ਅਨੁਸਾਰ, ਇਸ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਨਾਲ-ਨਾਲ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਵੀ ਬਰਾਬਰ ਗਲਾ ਘੁੱਟਿਆ ਸੀ। ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਦਾਤ ਦੌਰਾਨ ਮੁੱਖ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ, ਰਣਜੀਤ ਸਿੰਘ ਵਾਸੀ ਸੋਹਲ, ਥਾਣਾ ਝਬਾਲ, ਅਤੇ ਇੱਕ ਅਣਪਛਾਤੇ ਵਿਅਕਤੀ ਦੀ ਵੀ ਅਹਿਮ ਭੂਮਿਕਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਵਾਧਾ ਕਰਕੇ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕਤਲ ਦੀ ਤਿੰਨ ਮਹੀਨਿਆਂ ਤੋਂ ਚੱਲ ਰਹੀ ਸੀ ਯੋਜਨਾ, 9 ਜੂਨ ਨੂੰ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ
ਐਸ.ਐਸ.ਪੀ. ਕੌਂਡਲ ਨੇ ਖੁਲਾਸਾ ਕੀਤਾ ਕਿ ਮੁਲਜ਼ਮਾਂ ਨੇ ਪੁਲਿਸ ਅੱਗੇ ਕਬੂਲ ਕੀਤਾ ਹੈ ਕਿ ਅੰਮ੍ਰਿਤਪਾਲ ਪਿਛਲੇ ਤਿੰਨ ਮਹੀਨਿਆਂ ਤੋਂ ਕੰਚਨ ਨੂੰ ਮਾਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਸੀ। ਇਸ ਯੋਜਨਾ ਦੇ ਹਿੱਸੇ ਵਜੋਂ, ਉਹ ਕੰਚਨ ਦੇ ਘਰ ਦੀ ਰੇਕੀ ਕਰਨ ਲਈ ਉਸ ਦੇ ਘਰ ਦੇ ਨੇੜੇ ਇੱਕ ਹੋਟਲ ਵਿੱਚ ਵੀ ਠਹਿਰੇ ਸਨ। ਉਨ੍ਹਾਂ ਦੱਸਿਆ ਕਿ 7 ਜੂਨ ਨੂੰ ਅੰਮ੍ਰਿਤਪਾਲ ਕੰਚਨ ਦੇ ਘਰ ਗਿਆ ਸੀ, ਜਦੋਂ ਕਿ ਜਸਪ੍ਰੀਤ ਬਾਹਰ ਖੜ੍ਹਾ ਰਿਹਾ ਸੀ। ਇਸੇ ਤਰ੍ਹਾਂ 8 ਜੂਨ ਨੂੰ ਵੀ ਉਹ ਦੁਬਾਰਾ ਗਿਆ, ਪਰ ਕੰਚਨ ਨੇ ਆਪਣੀ ਮਾਂ ਦੀ ਬਿਮਾਰੀ ਕਾਰਨ ਬਠਿੰਡਾ ਜਾਣ ਤੋਂ ਅਸਮਰੱਥਾ ਜਤਾ ਦਿੱਤੀ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ 9 ਜੂਨ ਨੂੰ ਮੁਲਜ਼ਮ ਕੰਚਨ ਨੂੰ ਪ੍ਰਮੋਸ਼ਨ ਅਤੇ ਉਸਦੀ ਕਾਰ ਠੀਕ ਕਰਵਾਉਣ ਦੇ ਬਹਾਨੇ ਬਠਿੰਡਾ ਲੈ ਆਏ। ਇੱਥੇ ਉਸਦੀ ਕਾਰ ਇੱਕ ਗੈਰੇਜ ਵਿੱਚ ਮੁਰੰਮਤ ਲਈ ਲਾ ਦਿੱਤੀ ਗਈ, ਜੋ ਲਗਭਗ ਅੱਧੀ ਰਾਤ ਤੱਕ ਠੀਕ ਕੀਤੀ ਗਈ।
ਵਾਰਦਾਤ ਦਾ ਵੇਰਵਾ: ਪਾਸਵਰਡ ਮੰਗਣ ਤੋਂ ਇਨਕਾਰ ਕਰਨ ‘ਤੇ ਕੀਤਾ ਕਤਲ
ਐਸ.ਐਸ.ਪੀ. ਨੇ ਦੱਸਿਆ ਕਿ ਕਾਰ ਠੀਕ ਹੋਣ ਤੋਂ ਬਾਅਦ, ਮੁਲਜ਼ਮ ਇੱਕ ਸਕਾਰਪੀਓ ਅਤੇ ਕੰਚਨ ਦੀ ਇਓਨ ਕਾਰ ਵਿੱਚ ਸਵਾਰ ਹੋ ਕੇ ਭੁੱਚੋ ਮੰਡੀ ਵੱਲ ਚਲੇ ਗਏ। ਉਨ੍ਹਾਂ ਨੇ ਸਮਾਂ ਬਿਤਾਉਣ ਲਈ ਇੱਕ ਮਾਰਕੀਟ ਦਾ ਗੇੜਾ ਵੀ ਲਾਇਆ। ਇਸ ਦੌਰਾਨ, ਉਨ੍ਹਾਂ ਨੇ ਸਕਾਰਪੀਓ ਇੱਕ ਪੈਟਰੋਲ ਪੰਪ ‘ਤੇ ਖੜ੍ਹੀ ਕਰ ਦਿੱਤੀ ਅਤੇ ਕੰਚਨ ਦੀ ਇਓਨ ਕਾਰ ਵਿੱਚ ਬੈਠ ਗਏ। ਇਸ ਮੌਕੇ, ਅੰਮ੍ਰਿਤਪਾਲ ਸਿੰਘ ਮਹਿਰੋਂ ਕੰਚਨ ਦੀ ਕਾਰ ਚਲਾਉਣ ਲੱਗ ਪਿਆ ਅਤੇ ਨਿਮਰਤਜੀਤ ਉਸਦੇ ਨਾਲ ਬਰਾਬਰ ਬੈਠਾ ਸੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅੰਮ੍ਰਿਤਪਾਲ ਨੇ ਕੰਚਨ ਤੋਂ ਉਸਦੇ ਆਈਫੋਨ ਅਤੇ ਸਮਾਰਟਫੋਨ ਦੇ ਪਾਸਵਰਡ ਮੰਗੇ। ਜਦੋਂ ਕੰਚਨ ਨੇ ਪਾਸਵਰਡ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਮੁਲਜ਼ਮਾਂ ਨੇ ਉਸਨੂੰ ਥੱਪੜ ਮਾਰੇ। ਇਸ ਮੌਕੇ, ਮਿੱਥੀ ਯੋਜਨਾ ਤਹਿਤ ਅੰਮ੍ਰਿਤਪਾਲ ਦੇ ਕਹਿਣ ‘ਤੇ ਨਿਮਰਤ ਵੀ ਪਿਛਲੀ ਸੀਟ ‘ਤੇ ਬੈਠ ਗਿਆ, ਜਿੱਥੇ ਕੰਚਨ ਅਤੇ ਜਸਪ੍ਰੀਤ ਸਿੰਘ ਪਹਿਲਾਂ ਤੋਂ ਹੀ ਬੈਠੇ ਹੋਏ ਸਨ। ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਜਸਪ੍ਰੀਤ ਸਿੰਘ ਅਤੇ ਨਿਮਰਤ ਨੇ ਆਪਣੇ ਲੱਕ ਨਾਲ ਬੰਨ੍ਹਿਆ ਕਮਰਕਸਾ ਕੰਚਨ ਦੇ ਗਲ ਵਿੱਚ ਪਾ ਲਿਆ ਅਤੇ ਦੋਵੇਂ ਪਾਸਿਆਂ ਤੋਂ ਖਿੱਚਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਅੰਮ੍ਰਿਤਪਾਲ ਸਿੰਘ ਵੀ ਕੰਚਨ ਦਾ ਸਾਹਮਣੇ ਤੋਂ ਗਲਾ ਘੁੱਟਣ ਲੱਗ ਪਿਆ। ਉਹ ਉਦੋਂ ਤੱਕ ਗਲਾ ਘੁੱਟਦਾ ਰਿਹਾ ਜਦੋਂ ਤੱਕ ਕੰਚਨ ਦੀ ਮੌਤ ਨਹੀਂ ਹੋ ਗਈ। ਵਾਰਦਾਤ ਤੋਂ ਬਾਅਦ, ਮੁਲਜ਼ਮ ਜਸਪ੍ਰੀਤ ਅਤੇ ਨਿਮਰਤ ਕਾਰ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਲਾ ਕੇ ਵਾਪਸ ਪਰਤ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਲਾ ਘੁੱਟਣ ਲਈ ਵਰਤਿਆ ਗਿਆ ਕਮਰਕਸਾ ਲਾਸ਼ ਦੇ ਕੋਲ ਹੀ ਰਹਿ ਗਿਆ ਹੈ, ਤਾਂ ਦੋਵੇਂ ਅੰਮ੍ਰਿਤਪਾਲ ਦੇ ਕਹਿਣ ‘ਤੇ ਇਓਨ ਕਾਰ ਨੂੰ ਦੁਬਾਰਾ ਬਾਹਰ ਕੱਢ ਲਿਆਏ ਅਤੇ ਕਮਰਕਸਾ ਕੱਢਣ ਤੋਂ ਬਾਅਦ, ਲਗਭਗ ਸਵੇਰੇ ਸਾਢੇ ਪੰਜ ਵਜੇ ਉਸੇ ਥਾਂ ‘ਤੇ ਦੁਬਾਰਾ ਖੜ੍ਹੀ ਕਰ ਦਿੱਤੀ, ਜਿਸ ਨੂੰ ਪੁਲਿਸ ਨੇ ਸੂਚਨਾ ਮਿਲਣ ‘ਤੇ ਬਰਾਮਦ ਕੀਤਾ ਸੀ।
ਅੰਮ੍ਰਿਤਪਾਲ ਮਹਿਰੋਂ ਵਿਦੇਸ਼ ਫਰਾਰ, ਡਿਪੋਰਟ ਕਰਵਾਉਣ ਦੀ ਕਾਰਵਾਈ ਸ਼ੁਰੂ
ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਦੌੜ ਜਾਣ ਕਾਰਨ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ, ਅੰਮ੍ਰਿਤਪਾਲ ਸਿੰਘ ਇੱਕ ਅਣਪਛਾਤੇ ਅਤੇ ਰਣਜੀਤ ਸਿੰਘ ਨਾਲ ਕਾਰ ‘ਤੇ ਅੰਮ੍ਰਿਤਸਰ ਪੁੱਜਾ ਸੀ, ਜਿੱਥੋਂ ਉਹ ਹਵਾਈ ਜਹਾਜ਼ ਰਾਹੀਂ ਯੂ.ਏ.ਈ. (ਸੰਯੁਕਤ ਅਰਬ ਅਮੀਰਾਤ) ਲਈ ਉਡਾਰੀ ਮਾਰਨ ਵਿੱਚ ਸਫਲ ਹੋ ਗਿਆ। ਇਹ ਜਾਣਕਾਰੀ ਲੁੱਕ ਆਊਟ ਕਾਰਨਰ ਨੋਟਿਸ ਜਾਰੀ ਕਰਨ ਤੋਂ ਬਾਅਦ ਪ੍ਰਾਪਤ ਹੋਈ ਟ੍ਰੈਵਲ ਹਿਸਟਰੀ ਤੋਂ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਿਸ ਹੋਰ ਏਜੰਸੀਆਂ ਰਾਹੀਂ ਅੰਮ੍ਰਿਤਪਾਲ ਨੂੰ ਡਿਪੋਰਟ ਕਰਵਾਉਣ ਦੀ ਕਾਰਵਾਈ ਸ਼ੁਰੂ ਕਰੇਗੀ ਅਤੇ ਉਸਨੂੰ ਦੇਸ਼ ਲਿਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਵੇਗਾ।
ਮੁਲਜ਼ਮਾਂ ਦਾ ਮੁੜ ਤਿੰਨ ਰੋਜ਼ਾ ਰਿਮਾਂਡ ਮਨਜ਼ੂਰ
ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਨਿਮਰਤਦੀਪ ਸਿੰਘ ਨੂੰ ਅੱਜ ਰਿਮਾਂਡ ਖਤਮ ਹੋਣ ‘ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ਨੂੰ ਮੁੱਖ ਰੱਖਦਿਆਂ ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਹੈ, ਜਿਸ ਦੌਰਾਨ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਹੁਣ ਰਣਜੀਤ ਅਤੇ ਉਸ ਅਣਪਛਾਤੇ ਵਿਅਕਤੀ ਦੀ ਤਲਾਸ਼ ਵਿੱਚ ਜੁਟ ਗਈ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।