ਲੁਧਿਆਣਾ: ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਗਈ। ਇਸ ਮੁਹਿੰਮ ਦੌਰਾਨ ਘਰ-ਘਰ ਅਤੇ ਦਫ਼ਤਰਾਂ ਦੀ ਜਾਂਚ ਕੀਤੀ ਗਈ ਅਤੇ ਜਿੱਥੇ ਵੀ ਡੇਂਗੂ ਦਾ ਲਾਰਵਾ ਪਾਇਆ ਗਿਆ, ਉੱਥੇ ਤੁਰੰਤ ਕਾਰਵਾਈ ਕੀਤੀ ਗਈ।
420 ਟੀਮਾਂ ਨੇ ਸੰਭਾਲਿਆ ਮੋਰਚਾ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਇਸ ਵਿਸ਼ਾਲ ਮੁਹਿੰਮ ਲਈ ਕੁੱਲ 420 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਨ੍ਹਾਂ ਟੀਮਾਂ ਨੇ ਜ਼ਿਲ੍ਹੇ ਦੀਆਂ 2 ਜੇਲ੍ਹਾਂ ਅਤੇ 505 ਸਰਕਾਰੀ ਦਫ਼ਤਰਾਂ ਦੀ ਜਾਂਚ ਕੀਤੀ, ਜਿਸ ਦੌਰਾਨ 21 ਦਫ਼ਤਰਾਂ ਵਿੱਚ ਮੱਛਰਾਂ ਦਾ ਲਾਰਵਾ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਇਲਾਵਾ, 27,429 ਘਰਾਂ ਦੀ ਚੈਕਿੰਗ ਕੀਤੀ ਗਈ ਅਤੇ 41,215 ਭਾਂਡਿਆਂ ਤੇ ਕੰਟੇਨਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 79 ਵਿੱਚ ਡੇਂਗੂ ਦੇ ਮੱਛਰ ਦਾ ਲਾਰਵਾ ਮਿਲਿਆ।
ਸਫ਼ਾਈ ਡੇਂਗੂ ਵਿਰੁੱਧ ਸਭ ਤੋਂ ਵੱਡਾ ਹਥਿਆਰ
ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੀ ਰੋਕਥਾਮ ਲਈ ਆਪਣੇ ਘਰਾਂ, ਛੱਤਾਂ ਅਤੇ ਆਸ-ਪਾਸ ਖੜ੍ਹੇ ਪਾਣੀ ਨੂੰ ਤੁਰੰਤ ਖ਼ਤਮ ਕਰਨ। ਉਨ੍ਹਾਂ ਕਿਹਾ ਕਿ ਕੂਲਰਾਂ ਅਤੇ ਟੈਂਕੀਆਂ ਨੂੰ ਨਿਯਮਿਤ ਤੌਰ ‘ਤੇ ਸੁਕਾਉਣਾ, ਅਤੇ ਬੇਕਾਰ ਪਏ ਟਾਇਰਾਂ, ਬੋਤਲਾਂ ਅਤੇ ਡੱਬਿਆਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜੰਗ ਤਦ ਹੀ ਜਿੱਤੀ ਜਾ ਸਕਦੀ ਹੈ, ਜਦੋਂ ਸਰਕਾਰ ਅਤੇ ਆਮ ਲੋਕ ਸਾਂਝੀ ਜ਼ਿੰਮੇਵਾਰੀ ਨਾਲ ਕੰਮ ਕਰਨ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।