ਮੁਕੇਰੀਆਂ: ਮੁਕੇਰੀਆਂ ਸ਼ਹਿਰ ਵਿੱਚ ਅੱਜ ਸਵੇਰੇ ਟਰੱਕ ਯੂਨੀਅਨ ਦੀ ਜਾਇਦਾਦ ‘ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਿਆਨਕ ਝਗੜਾ ਹੋ ਗਿਆ। ਇਸ ਖੂਨੀ ਝੜਪ ਦੌਰਾਨ ਚੱਲੇ ਇੱਟਾਂ-ਰੋੜਿਆਂ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ (ਵਾਸੀ ਪਿੰਡ ਤੱਗੜ ਕਲਾਂ) ਦੀ ਛਾਤੀ ਵਿੱਚ ਇੱਟ ਲੱਗਣ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ, ਕੁਝ ਦਿਨ ਪਹਿਲਾਂ ਟਰੱਕ ਯੂਨੀਅਨ ਮੁਕੇਰੀਆਂ ਦੀ ਜਗ੍ਹਾ ‘ਤੇ ਕਥਿਤ ਤੌਰ ‘ਤੇ ਪਿੰਡ ਗਾਲ੍ਹੜੀਆਂ ਦੇ ਸਰਪੰਚ ਅਤੇ ਸਥਾਨਕ ਜਿੰਮ ਮਾਲਕ ਸੰਦੀਪ ਸਿੰਘ ਉਰਫ਼ ਸੰਨੀ ਵੱਲੋਂ ਵਿਵਾਦਿਤ ਤਰੀਕੇ ਨਾਲ ਕਬਜ਼ਾ ਕਰ ਲਿਆ ਗਿਆ ਸੀ। ਅੱਜ, ਇਹ ਕਬਜ਼ਾ ਖਾਲੀ ਕਰਵਾਉਣ ਲਈ ਟਰੱਕ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਆਪਣੇ ਸਾਥੀਆਂ ਸਮੇਤ ਯੂਨੀਅਨ ਦਫ਼ਤਰ ਪਹੁੰਚੇ। ਜਿੱਥੇ ਕਥਿਤ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਵੇਲੇ ਇੱਥੇ ਪਹਿਲਾਂ ਤੋਂ ਮੌਜੂਦ ਲੋਕਾਂ ਵਿੱਚ ਤਕਰਾਰ ਵਧ ਗਿਆ ਅਤੇ ਇਹ ਝਗੜੇ ਵਿੱਚ ਬਦਲ ਗਿਆ। ਇਸ ਦੌਰਾਨ ਹਰਭਜਨ ਸਿੰਘ ਨੂੰ ਇੱਟ ਲੱਗਣ ਕਾਰਨ ਗੰਭੀਰ ਚੋਟਾਂ ਆਈਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਤਣਾਅ ਦਾ ਮਾਹੌਲ ਬਣ ਗਿਆ ਹੈ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਜੋਗਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਘਟਨਾ ਸੰਬੰਧੀ ਐੱਫ.ਆਈ.ਆਰ. ਨੰਬਰ-133 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਸੰਦੀਪ ਸਿੰਘ ਪੁੱਤਰ ਨਾਹਰ ਸਿੰਘ (ਵਾਸੀ ਪਿੰਡ ਗਾਲ੍ਹੜੀਆਂ) ਸਮੇਤ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜਲਦ ਹੀ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਮੁਕੇਰੀਆਂ ‘ਚ ਟਰੱਕ ਯੂਨੀਅਨ ਦੀ ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਖੂਨੀ ਝੜਪ: ਪ੍ਰਧਾਨ ਹਰਭਜਨ ਸਿੰਘ ਦੀ ਮੌਤ
ਇੱਟਾਂ-ਰੋੜਿਆਂ ਦੇ ਹਮਲੇ ਦੌਰਾਨ ਪ੍ਰਧਾਨ ਦੀ ਛਾਤੀ 'ਚ ਲੱਗੀ ਇੱਟ; ਪਿੰਡ ਗਾਲ੍ਹੜੀਆਂ ਦੇ ਸਰਪੰਚ ਸਮੇਤ 5 ਖਿਲਾਫ ਮਾਮਲਾ ਦਰਜ, ਇਲਾਕੇ 'ਚ ਤਣਾਅ ਦਾ ਮਾਹੌਲ।
1.8K
ਇਹ ਖ਼ਬਰ ਤੁਹਾਨੂੰ ਕਿਹੋ ਜਿਹੀ ਲੱਗੀ?
ਵਧੀਆ1ਠੀਕ-ਠਾਕ0