ਨਕੋਦਰ: ਆਮ ਆਦਮੀ ਪਾਰਟੀ ਹੁਣ ਨੌਜਵਾਨਾਂ ਦੇ ਸੁਪਨਿਆਂ ਦੀ ਸਰਕਾਰ ਬਣਦੀ ਜਾ ਰਹੀ ਹੈ, ਜਿਸ ਕਾਰਨ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ। ਇਹ ਵਿਚਾਰ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨੂਰਮਹਿਲ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ‘ਤੇ ਨੂਰਮਹਿਲ ਅਤੇ ਆਸ-ਪਾਸ ਦੇ 4-5 ਪਿੰਡਾਂ ਤੋਂ ਲਗਭਗ 100 ਨੌਜਵਾਨਾਂ ਨੇ ਪਾਰਟੀ ਦੀ ਮੈਂਬਰਸ਼ਿਪ ਲਈ।
ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਵੱਧ ਤਰਜੀਹ
ਵਿਧਾਇਕ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਤਰਜੀਹ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤ ਚੋਣਾਂ ਵਿੱਚ ਉਨ੍ਹਾਂ ਦੇ ਹਲਕੇ ਵਿੱਚ ਹੀ 30-35% ਨੌਜਵਾਨ ਸਰਪੰਚ ਬਣੇ ਹਨ ਅਤੇ ਲਗਭਗ 50% ਪੰਚ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਸਰਪੰਚ ਅਜੇ ਅਣਵਿਆਹੇ ਹਨ, ਜਿਨ੍ਹਾਂ ਨੇ ਸਿਆਸਤ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਪ੍ਰਣ ਲਿਆ ਹੈ। ਉਨ੍ਹਾਂ ਕਿਹਾ ਕਿ ਨੂਰਮਹਿਲ ਵਿੱਚ ਅਨਿਲ, ਵਰੁਣ, ਅਮਿਤ, ਨਬੀ ਖਹਿਰਾ, ਵਿਜੈ ਕੁਮਾਰ ਅਤੇ ਮੋਹਿਤ ਸੰਧੂ ਦੇ ਯਤਨਾਂ ਸਦਕਾ ਨੌਜਵਾਨਾਂ ਨੇ ‘ਆਪ’ ਦਾ ਪੱਲਾ ਫੜਿਆ ਹੈ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਲਈ ਪਿੰਡਾਂ ਵਿੱਚ ਖੇਡ ਮੈਦਾਨ
ਵਿਧਾਇਕ ਮਾਨ ਨੇ ਪੰਜਾਬ ਸਰਕਾਰ ਦੇ ਇੱਕ ਹੋਰ ਵੱਡੇ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਦਾ ਟੀਚਾ ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਣਾਉਣਾ ਹੈ। ਇਸ ਦੇ ਲਈ ਹਲਕੇ ਵਿੱਚ ਹੀ 9-9 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਿਸ ਨਾਲ 30 ਨਵੇਂ ਖੇਡ ਮੈਦਾਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਦਾ ਇੱਕ ਹੋਰ ਮਹੱਤਵਪੂਰਨ ਉਦੇਸ਼ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਕਾਮਯਾਬ ਕਰਨਾ ਹੈ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇਗਾ। ਇਸ ਮੌਕੇ ‘ਤੇ ਚੇਅਰਮੈਨ ਮਾਰਕੀਟ ਕਮੇਟੀ ਲਖਵੀਰ ਸਿੰਘ ਉੱਪਲ, ਜਸਬੀਰ ਸਿੰਘ ਧੰਜਲ, ਦਵਿੰਦਰ ਸਿੰਘ ਸੰਧੂ ਅਤੇ ਕਿੰਦਾ ਨਾਗਰਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।