ਨਕੋਦਰ : ਫਿਲੌਰ ਦੇ ਪਿੰਡ ਨੰਗਲ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨਾਲ ਹੋਈ ਬੇਅਦਬੀ ਦੇ ਮਾਮਲੇ ‘ਚ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਭੜਕਦੇ ਹੋਏ ਕਿਹਾ ਕਿ “ਇੱਕ ਵਾਰ ਫਿਰ ਰਾਤ ਦੇ ਹਨੇਰੇ ‘ਚ ਨਾ ਮਰਦਾਂ ਨੇ ਮਰਦਾਨਗੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਉਹਦੇ ਪਿਉਂਦੇ ਹੁੰਦੇ ਤਾਂ ਸਾਡੇ ਚੈਲੰਜ ਨੂੰ ਕਬੂਲ ਕਰਕੇ ਦਿਨ ਦਿਹਾੜੇ ਆਉਂਦੇ।” ਉਨ੍ਹਾਂ ਕਿਹਾ ਕਿ “ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਟੈਚੂ ਨਾਲ ਛੇੜਛਾੜ ਕਰਕੇ ਇਹ ਲੋਕ ਗੰਦੀ ਨਾਲੀ ਦੇ ਕੀੜੇ ਬਣ ਚੁੱਕੇ ਨੇ। ਅਜੇ ਤੱਕ ਉਨ੍ਹਾਂ ਦੀਆਂ ਗਿਣਤੀ ਬੰਦਿਆਂ ‘ਚ ਨਹੀਂ, ਕਿਉਂਕਿ ਜੋ ਆਪਣੀ ਅਸਲੀਅਤ ਰਾਤਾਂ ‘ਚ ਦਿਖਾਵੇ, ਉਹਨਾ ਦਾ ਹਾਲ ਹੀ ਇਹ ਹੁੰਦਾ।” ਮਲਕੀਤ ਚੁੰਬਰ ਨੇ ਸਖਤ ਸ਼ਬਦਾਂ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹੋ ਜਿਹੀ ਘਟਨਾ ਦੁਬਾਰਾ ਹੋਣਾ ਸਿੱਧ ਕਰਦਾ ਹੈ ਕਿ ਸਰਕਾਰ ਅਤੇ ਇਲਾਕਾਈ ਪ੍ਰਸ਼ਾਸਨ ਪੂਰੀ ਤਰ੍ਹਾਂ ਨਲਾਇਕ ਤੇ ਸੁੱਤੇ ਹੋਏ ਨੇ।
ਉਨ੍ਹਾਂ ਆਖਿਆ, “ਦਫ਼ਤਰਾਂ ‘ਚ ਤਸਵੀਰਾਂ ਲਾਉਣ ਨਾਲ ਕੁਝ ਨਹੀਂ ਹੋਣਾ, ਜਦ ਤੱਕ ਸਾਡੇ ਆਗੂਆਂ ਦੇ ਸਟੈਚੂ ਸੁਰੱਖਿਅਤ ਨਹੀਂ। ਜੇਕਰ ਸਰਕਾਰ ਅੰਬੇਡਕਰ ਸਾਹਿਬ ਅਤੇ ਭਗਤ ਸਿੰਘ ਦੇ ਨਾਮ ‘ਤੇ ਵੋਟਾਂ ਲੈਣ ਦੀ ਸਿਆਸਤ ਕਰਦੀ ਰਹੀ ਅਤੇ ਉਹਨਾਂ ਦੀ ਮੂਰਤੀਆਂ ਦੀ ਰੱਖਿਆ ਨਹੀਂ ਕਰ ਸਕੀ, ਤਾਂ ਇਹ ਮਾਮਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਣ ਵਾਲੀ ਵੱਡੀ ਸਾਜ਼ਿਸ਼ ਬਣੇਗਾ।” ਮਲਕੀਤ ਚੁੰਬਰ ਨੇ ਅਖੀਰ ‘ਚ ਕਿਹਾ ਕਿ “ਸਰਕਾਰ ਆਪਣੀ ਨੀਂਦ ਤਿਆਗ ਕੇ ਜਾਗੇ, ਨਹੀਂ ਤਾਂ ਪੰਜਾਬ ਦੀ ਜਨਤਾ ਆਪਣੇ ਹੱਕਾਂ ਦੀ ਰੱਖਿਆ ਕਰਨ ਦੀ ਤਾਕਤ ਰੱਖਦੀ ਹੈ। ਇਹ ਮਾਮਲਾ ਸਿਰਫ਼ ਇੱਕ ਸਮੂਹ ਜਾਂ ਜਥੇਬੰਦੀ ਦਾ ਨਹੀਂ, ਸਗੋਂ ਪੂਰੇ ਪੰਜਾਬ ਦਾ ਹੈ। ਅਸੀਂ ਚੁੱਪ ਨਹੀਂ ਰਹਿਣਾ।”