ਨਕੋਦਰ: ਨਕੋਦਰ ਸ਼ਹਿਰ ਦੇ ਪ੍ਰਾਚੀਨ ਸ਼ਿਵ ਮਾਇਆ ਮੰਦਰ ਦੀ ਦੀਵਾਰ ਨਾਲ ਲਗਾਤਾਰ ਕੂੜਾ ਸੁੱਟਣ ਦੇ ਮਾਮਲੇ ਵਿੱਚ ਅੱਜ ਨਗਰ ਕੌਂਸਲ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ। ਭਾਰਤੀਆ ਐੱਸ.ਸੀ., ਬੀ.ਸੀ., ਜਨਰਲ ਸੈੱਲ ਪੰਜਾਬ ਇੰਡੀਆ ਦੇ ਚੇਅਰਮੈਨ ਦਵਿੰਦਰ ਕਲੇਰ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕਰਦਿਆਂ ਨਗਰ ਕੌਂਸਲ ਨੇ ਕਈ ਰਿਕਸ਼ੇ ਜਬਤ ਕੀਤੇ ਅਤੇ ਇਲਾਕੇ ਦੀ ਸਫ਼ਾਈ ਕਰਵਾਈ। ਕਲੇਰ ਨੇ ਦੱਸਿਆ ਕਿ ਉਹ ਅੱਜ ਫਿਰ ਰੇਹੜੀ ਮਾਰਕੀਟ ਅਤੇ ਮੰਦਰ ਨੇੜੇ ਦੇ ਕੂੜੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ। ਉਨ੍ਹਾਂ ਦੇਖਿਆ ਕਿ ਕਈ ਵਾਰ ਕਹਿਣ ਦੇ ਬਾਵਜੂਦ ਵੀ ਲੋਕ, ਖਾਸ ਕਰਕੇ ਪਰਵਾਸੀ, ਮੰਦਰ ਦੀ ਦੀਵਾਰ ਨਾਲ ਕੂੜੇ ਦੇ ਬੋਰ ਸੁੱਟ ਜਾਂਦੇ ਹਨ। ਇਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵਧਦਾ ਹੈ।
ਨਗਰ ਕੌਂਸਲ ਨੇ ਜਬਤ ਕੀਤੇ ਰਿਕਸ਼ੇ
ਲੋਕਾਂ ਦੀ ਲਾਪਰਵਾਹੀ ਤੋਂ ਨਿਰਾਸ਼ ਹੋ ਕੇ ਦਵਿੰਦਰ ਕਲੇਰ ਨੇ ਤੁਰੰਤ ਨਗਰ ਕੌਂਸਲ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕੂੜਾ ਸੁੱਟਣ ਵਾਲਿਆਂ ਦੇ ਰਿਕਸ਼ੇ ਜਬਤ ਕਰ ਲਏ ਅਤੇ ਸੜਕ ਦੀ ਸਫ਼ਾਈ ਕਰਵਾਈ। ਕਲੇਰ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਜੇ ਕੋਈ ਵੀ ਮੰਦਰ ਦੀ ਦੀਵਾਰ ਨਾਲ ਕੂੜਾ ਰੱਖਦਾ ਜਾਂ ਬਾਥਰੂਮ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੀਨ ਬਹਾਦਰ (ਲੰਬੂ ਫਾਸਟ ਫੂਡ), ਦੀਪਕ ਢੀਂਗਰਾ, ਵਿਜੇ ਕੁਮਾਰ, ਕੁਲਦੀਪ ਸਮੇਤ ਕਈ ਹੋਰ ਲੋਕ ਵੀ ਮੌਜੂਦ ਸਨ।