ਨਕੋਦਰ: ਨਕੋਦਰ ਸ਼ਹਿਰ ਦੀ ਹੋਣਹਾਰ ਖਿਡਾਰਨ ਵਿਰੋਣਕਾ ਬਸਰਾ ਨੇ ਏਸ਼ੀਆਈ ਕੁਰੈਸ਼ ਚੈਂਪੀਅਨਸ਼ਿਪ 2025 (ਦੱਖਣੀ ਕੋਰੀਆ) ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਅੱਜ ਆਪਣੀ ਪੂਰੀ ਸ਼ਹਿਰੀ ਟੀਮ ਨਾਲ ਵਿਰੋਣਕਾ ਦੇ ਘਰ ਪਹੁੰਚੇ।
ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ
ਵਿਧਾਇਕ ਮਾਨ ਨੇ ਵਿਰੋਣਕਾ ਦੇ ਪਿਤਾ ਰਵੀ ਕੁਮਾਰ ਬਸਰਾ ਅਤੇ ਮਾਤਾ ਗੀਤਾ ਬਸਰਾ ਸਮੇਤ ਸਮੁੱਚੇ ਪਰਿਵਾਰ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਿਆਨੰਦ ਮਾਡਲ ਸਕੂਲ ਦੀ ਵਿਦਿਆਰਥਣ ਵਿਰੋਣਕਾ ਬਸਰਾ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਭਾਰਤ ਅਤੇ ਨਕੋਦਰ ਦਾ ਮਾਣ ਵਧਾਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਿਰੋਣਕਾ ਦੀ ਇਸ ਉਪਲਬਧੀ ਤੋਂ ਹੋਰ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਪ੍ਰੇਰਨਾ ਮਿਲੇਗੀ ਅਤੇ ਉਹ ਵੀ ਖੇਡਾਂ ਦੇ ਖੇਤਰ ਵਿੱਚ ਆਪਣੇ ਸ਼ਹਿਰ ਦਾ ਨਾਂ ਰੌਸ਼ਨ ਕਰਨਗੇ।
ਪੰਜਾਬ ਸਰਕਾਰ ਤੋਂ ਮਦਦ ਦਾ ਵਾਅਦਾ
ਵਿਧਾਇਕ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਵਿਰੋਣਕਾ ਲਈ ਵੱਧ ਤੋਂ ਵੱਧ ਮਦਦ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਜੋ ਉਹ ਅਗਲੀ ਵਾਰ ਸੋਨ ਤਗਮਾ ਜਿੱਤ ਕੇ ਨਕੋਦਰ ਦਾ ਨਾਂ ਹੋਰ ਉੱਚਾ ਕਰ ਸਕੇ। ਇਸ ਮੌਕੇ ਉਨ੍ਹਾਂ ਨਾਲ ਸਟੇਟ ਸੈਕਟਰੀ ਸ਼ਾਂਤੀ ਸਰੂਪ, ਡਾਇਰੈਕਟਰ ਜਸਵੀਰ ਸਿੰਘ ਧੰਜਲ, ਨਰੇਸ਼ ਕੁਮਾਰ, ਬਲਦੇਵ ਸਹੋਤਾ, ਬੌਬੀ ਸ਼ਰਮਾ, ਹਿਮਾਂਸ਼ੂ ਜੈਨ, ਸੁਖਵਿੰਦਰ ਗਡਵਾਲ, ਅਮਰੀਕ ਸਿੰਘ ਥਿੰਦ ਅਤੇ ਹੋਰ ਆਗੂ ਵੀ ਹਾਜ਼ਰ ਸਨ।