ਨਕੋਦਰ: ਨਕੋਦਰ ਤੋਂ ਜਲੰਧਰ ਰੋਡ ‘ਤੇ ਕਾਨਵੈਂਟ ਸਕੂਲ ਦੇ ਨੇੜੇ ਸੜਕ ‘ਤੇ ਪਿਆ ਇੱਕ ਵੱਡਾ ਟੋਆ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਲਈ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਟੋਏ ਕਾਰਨ ਆਏ ਦਿਨ ਵਾਪਰ ਰਹੇ ਹਾਦਸਿਆਂ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਜਾ ਰਿਹਾ। ਰੋਜ਼ਾਨਾ ਇਸ ਸੜਕ ਤੋਂ ਵੱਡੀ ਗਿਣਤੀ ਵਿੱਚ ਵਾਹਨ ਲੰਘਦੇ ਹਨ, ਜਿਨ੍ਹਾਂ ਵਿੱਚ ਕਈ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਵੀ ਸ਼ਾਮਲ ਹੁੰਦੇ ਹਨ, ਪਰ ਲੱਗਦਾ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਇਹ ਟੋਆ ਨਜ਼ਰ ਨਹੀਂ ਆਉਂਦਾ ਜਾਂ ਉਹ ਇਸਨੂੰ ਨਜ਼ਰਅੰਦਾਜ਼ ਕਰਕੇ ਲੰਘ ਜਾਂਦੇ ਹਨ।
ਬੀਤੇ ਦਿਨੀਂ ਇਸੇ ਟੋਏ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਪਰਿਵਾਰ ਨੂੰ ਆਪਣੀ ਕੀਮਤੀ ਜਾਨ ਗੁਆਉਣੀ ਪਈ। ਨਕੋਦਰ ਵਾਸੀ ਸੰਜੀਵ ਕੁਮਾਰ, ਉਨ੍ਹਾਂ ਦੀ ਪਤਨੀ ਸੁਨੀਤਾ ਵਰਮਾ ਅਤੇ ਉਨ੍ਹਾਂ ਦਾ ਚਾਰ ਸਾਲਾ ਛੋਟਾ ਬੱਚਾ ਸਕੂਟਰ ‘ਤੇ ਜਾ ਰਹੇ ਸਨ, ਜੋ ਇਸ ਟੋਏ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿੱਚ ਸਕੂਟਰ ਦੀ ਪਿਛਲੀ ਸੀਟ ‘ਤੇ ਬੈਠੀ ਸੁਨੀਤਾ ਵਰਮਾ ਸੜਕ ‘ਤੇ ਡਿੱਗ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਦਾ ਪ੍ਰਸ਼ਾਸਨ ਪ੍ਰਤੀ ਗੁੱਸਾ ਹੋਰ ਵਧ ਗਿਆ ਹੈ।
ਲਾਗੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਟੋਆ ਹੁਣ ‘ਮੌਤ ਦਾ ਟੋਆ’ ਬਣ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹੀ ਇਸ ਟੋਏ ਕਾਰਨ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਹਨ ਅਤੇ ਦੋ-ਪਹੀਆ ਵਾਹਨ ਚਾਲਕ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਇਸ ਗੰਭੀਰ ਸਮੱਸਿਆ ਵੱਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਲੀਡਰ ਦਾ ਧਿਆਨ ਨਹੀਂ ਜਾ ਰਿਹਾ।
ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਨਕੋਦਰ ਤੋਂ ਜਲੰਧਰ ਜਾਣ ਵਾਲੀ ਇਹ ਸੜਕ ਇੱਕ ਮੁੱਖ ਮਾਰਗ ਹੈ, ਅਤੇ ਇਸ ਖਾਸ ਟੋਏ ਤੋਂ ਇਲਾਵਾ, ਸੜਕ ‘ਤੇ ਕਈ ਹੋਰ ਛੋਟੇ-ਛੋਟੇ ਟੋਏ ਵੀ ਹਨ ਜੋ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਸਾਰੇ ਟੋਇਆਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਕਾਰਨ ਕਿਸੇ ਦੀ ਜਾਨ ਨਾ ਜਾਵੇ ਅਤੇ ਕੋਈ ਵੀ ਵਾਹਨ ਨੁਕਸਾਨਿਆ ਨਾ ਜਾਵੇ।
ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ (P.W.D.) ਦੇ ਜੇ.ਈ. ਰਵਿੰਦਰ ਕੁਮਾਰ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਮੰਨਿਆ ਕਿ ਜਲੰਧਰ ਰੋਡ ‘ਤੇ ਪਿਆ ਇਹ ਖਾਸ ਟੋਆ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਟੋਏ ਦੀ ਬਹੁਤ ਜਲਦ ਮੁਰੰਮਤ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਦੱਸਿਆ ਕਿ ਹੋਰ ਵੀ ਜੋ ਮੁੱਖ ਟੋਏ ਹਨ, ਉਨ੍ਹਾਂ ਦੀ ਮੁਰੰਮਤ ਵੀ ਕਰਵਾਈ ਜਾਵੇਗੀ। ਜੇ.ਈ. ਰਵਿੰਦਰ ਕੁਮਾਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਇੱਕ ਪੱਤਰ ਲਿਖ ਕੇ ਸ਼ਹਿਰ ਵਿੱਚ ਜਿੱਥੇ-ਜਿੱਥੇ P.W.D. ਦੇ ਅਧੀਨ ਸੜਕਾਂ ਹਨ ਅਤੇ ਜਿੱਥੇ ਟੋਏ ਪਏ ਹਨ ਜਾਂ ਹੋਰ ਮੁਰੰਮਤ ਦੀ ਲੋੜ ਹੈ, ਉਸ ਸਬੰਧੀ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਉਨ੍ਹਾਂ ਸੜਕਾਂ ਨੂੰ ਵੀ ਠੀਕ ਕਰਵਾਇਆ ਜਾ ਸਕੇ।