ਨਕੋਦਰ: ਵਿਸ਼ਵਬਾਣੀ ਅਖ਼ਬਾਰ ਵਿੱਚ 27 ਜੂਨ 2025 ਨੂੰ ਪ੍ਰਕਾਸ਼ਿਤ ਇੱਕ ਖ਼ਬਰ ਅਨੁਸਾਰ, ਨਕੋਦਰ ਵਿੱਚ ਇੱਕ ਦੁਕਾਨ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ LED ਬੋਰਡ ਲਗਾ ਕੇ ਵੱਖ-ਵੱਖ ਕੰਪਨੀਆਂ ਦੇ ਇਸ਼ਤਿਹਾਰ ਚਲਾਏ ਜਾ ਰਹੇ ਹਨ, ਜਿਸ ਨਾਲ ਇਸ਼ਤਿਹਾਰ ਵਿਭਾਗ ਨਾਲ ਸਬੰਧਤ ਅਦਾਰਿਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਮਾਲੜੀ ਗੇਟ ਹਸਪਤਾਲ ਰੋਡ ‘ਤੇ ਸਥਿਤ ਨਗਰ ਕੌਂਸਲ ਵੱਲੋਂ ਕਿਰਾਏ ‘ਤੇ ਦਿੱਤੀਆਂ ਗਈਆਂ ਦੁਕਾਨਾਂ ਵਿੱਚੋਂ ਇੱਕ ਦੁਕਾਨ ‘ਪ੍ਰਿੰਸ ਵਾਚ ਅਤੇ ਮੋਬਾਈਲ ਹਾਊਸ’ ਦੇ ਨਾਮ ‘ਤੇ ਚਲਾਈ ਜਾ ਰਹੀ ਹੈ। ਇਸ ਦੁਕਾਨਦਾਰ ਵੱਲੋਂ ਦੁਕਾਨ ਉੱਪਰ ਇੱਕ ਗੈਰ-ਕਾਨੂੰਨੀ LED ਬੋਰਡ ਲਗਾਇਆ ਗਿਆ ਹੈ ਜਿਸ ‘ਤੇ ਵੱਖ-ਵੱਖ ਕੰਪਨੀਆਂ ਦੇ ਇਸ਼ਤਿਹਾਰ ਚਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਮਸ਼ਹੂਰੀ ਬੋਰਡ ਲਗਾਉਣ ਦਾ ਕੰਟਰੈਕਟ ਨਗਰ ਕੌਂਸਲ ਵੱਲੋਂ ਕਿਸੇ ਇਸ਼ਤਿਹਾਰ ਕੰਪਨੀ ਨੂੰ ਇੱਕ ਸਾਲ ਲਈ 36 ਲੱਖ ਰੁਪਏ ਵਿੱਚ ਦਿੱਤਾ ਗਿਆ ਹੈ। ਇਸ ਦੁਕਾਨਦਾਰ ਵੱਲੋਂ ਕਥਿਤ ਤੌਰ ‘ਤੇ ਮਿਲੀਭੁਗਤ ਤਹਿਤ ਗੈਰ-ਕਾਨੂੰਨੀ ਢੰਗ ਨਾਲ LED ਬੋਰਡ ‘ਤੇ ਵੱਖ-ਵੱਖ ਕੰਪਨੀਆਂ ਦੇ ਇਸ਼ਤਿਹਾਰ ਚਲਾ ਕੇ ਨਜਾਇਜ਼ ਰੂਪ ਵਿੱਚ ਮੋਟੀ ਕਮਾਈ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਦੇ ਇਸ਼ਤਿਹਾਰ ਵਿਭਾਗ ਨਾਲ ਸਬੰਧਤ ਅਦਾਰਿਆਂ ਨੂੰ ਵਿੱਤੀ ਨੁਕਸਾਨ ਪਹੁੰਚ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨਗਰ ਕੌਂਸਲ ਵੱਲੋਂ ਇਸ ਦੁਕਾਨਦਾਰ ਨੂੰ LED ਮਸ਼ਹੂਰੀ ਬੋਰਡ ਉਤਾਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ, ਪਰ ਅਜੇ ਤੱਕ ਬੋਰਡ ਜਿਉਂ ਦਾ ਤਿਉਂ ਹੀ ਹੈ ਅਤੇ ਉਤਾਰਿਆ ਨਹੀਂ ਗਿਆ। ਇਹ ਵੀ ਵਰਨਣਯੋਗ ਹੈ ਕਿ ਉਪਰੋਕਤ ਦੁਕਾਨ ਰਾਜ ਕੁਮਾਰ ਪੁੱਤਰ ਚਮਨ ਲਾਲ ਨੂੰ ਨਗਰ ਕੌਂਸਲ ਵੱਲੋਂ ਕਿਰਾਏ ‘ਤੇ ਦਿੱਤੀ ਗਈ ਸੀ, ਪਰ ਰਾਜ ਕੁਮਾਰ ਵੱਲੋਂ ਇਸਨੂੰ ‘ਪ੍ਰਿੰਸ ਵਾਚ ਅਤੇ ਮੋਬਾਈਲ ਹਾਊਸ’ ਦੇ ਮਾਲਕ ਨੂੰ ਨਜਾਇਜ਼ ਰੂਪ ਵਿੱਚ ਸਬਲੈੱਟ (ਅੱਗੇ ਕਿਰਾਏ ‘ਤੇ) ਕੀਤੀ ਗਈ ਹੈ।
ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ: ਜਦੋਂ ਇਸ ਸਬੰਧੀ ਨਗਰ ਕੌਂਸਲ ਦਫ਼ਤਰ ਨਕੋਦਰ ਦੇ ਕਾਰਜ ਸਾਧਕ ਅਫ਼ਸਰ (EO) ਰਣਧੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਪਰੋਕਤ ਦੁਕਾਨਦਾਰ ਨੂੰ ਇਸ ਮਾਮਲੇ ਸਬੰਧੀ 2 ਨੋਟਿਸ ਭੇਜੇ ਜਾ ਚੁੱਕੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੁਕਾਨਦਾਰ ਨੇ ਬੋਰਡ ਨਾ ਉਤਾਰਿਆ ਤਾਂ ਇਸ ਦੇ ਖਿਲਾਫ਼ ਐਫ.ਆਈ.ਆਰ. ਦਰਜ ਕਰਵਾ ਕੇ ਬੋਰਡ ਤੁੜਵਾ ਦਿੱਤਾ ਜਾਵੇਗਾ ਅਤੇ ਭਾਰੀ ਰੂਪ ਵਿੱਚ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ।