ਜਲੰਧਰ: ਪਸ਼ੂਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ, ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਐਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੀ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੋ ਪਸ਼ੂ ਦੁੱਧ ਦੇਣਾ ਬੰਦ ਕਰ ਚੁੱਕੇ ਹਨ, ਉਨ੍ਹਾਂ ਨੂੰ ਬੇਸਹਾਰਾ ਸੜਕਾਂ ‘ਤੇ ਛੱਡਣ ਦੀ ਬਜਾਏ ਗਊਸ਼ਾਲਾਵਾਂ ਵਿੱਚ ਪਹੁੰਚਾਇਆ ਜਾਵੇ। ਇਸ ਨਾਲ ਇਨ੍ਹਾਂ ਪਸ਼ੂਆਂ ਦੀ ਸਹੀ ਢੰਗ ਨਾਲ ਸੰਭਾਲ ਹੋ ਸਕੇਗੀ ਅਤੇ ਸੜਕਾਂ ‘ਤੇ ਅਵਾਰਾ ਘੁੰਮ ਰਹੇ ਪਸ਼ੂਆਂ ਕਾਰਨ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਤੋਂ ਵੀ ਬਚਿਆ ਜਾ ਸਕੇਗਾ।
ਡਾ. ਅਗਰਵਾਲ ਨੇ ਡੇਅਰੀ ਵਿਕਾਸ ਵਿਭਾਗ ਅਤੇ ਮਿਲਕਫੈੱਡ ਨੂੰ ਵੀ ਇਸ ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ। ਉਨ੍ਹਾਂ ਪਸ਼ੂ ਪਾਲਕਾਂ ਨੂੰ ਐਸ.ਪੀ.ਸੀ.ਏ. ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਉਨ੍ਹਾਂ ਦੀ ਭਾਗੀਦਾਰੀ ਨਾਲ ਪਸ਼ੂ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਮਿਲ ਸਕੇ। ਮੀਟਿੰਗ ਦੌਰਾਨ ਐਨੀਮਲ ਬਰਥ ਕੰਟਰੋਲ (ਏ.ਬੀ.ਸੀ.) ਪ੍ਰੋਗਰਾਮ ਦਾ ਜਾਇਜ਼ਾ ਵੀ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੁੱਤਿਆਂ ਦੀ ਨਸਬੰਦੀ (ਡੌਗ ਸਟਰਲਾਈਜ਼ੇਸ਼ਨ) ਦੇ ਕੰਮ ਨੂੰ ਵਾਰਡ ਵਾਈਜ਼ ਅਮਲ ਵਿੱਚ ਲਿਆਂਦਾ ਜਾਵੇ ਅਤੇ ਇਸ ਸਬੰਧੀ ਨਿਯਮਤ ਰਿਪੋਰਟ ਭੇਜੀ ਜਾਵੇ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਈ.ਓ. ਆਦਮਪੁਰ ਨੂੰ ਹਦਾਇਤ ਕੀਤੀ ਕਿ ਸਬ-ਡਵੀਜ਼ਨ ਵਿਖੇ ਡੌਗ ਪੌਂਡ ਦੇ ਨਿਰਮਾਣ ਲਈ 15 ਜੁਲਾਈ ਤੱਕ ਢੁੱਕਵੀਂ ਜਗ੍ਹਾ ਦੀ ਸ਼ਨਾਖਤ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ। ਇਹ ਕਦਮ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਅਤੇ ਉਨ੍ਹਾਂ ਦੀ ਸਹੀ ਸੰਭਾਲ ਲਈ ਜ਼ਰੂਰੀ ਹਨ।