ਨਕੋਦਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਰੰਗਲਾ ਪੰਜਾਬ’ ਬਣਾਉਣ ਦੇ ਮਿਸ਼ਨ ਤਹਿਤ ਹਲਕਾ ਨਕੋਦਰ ਵਿੱਚ ਸੜਕਾਂ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਬਣਾਉਣ, ਰਿਪੇਅਰ ਕਰਨ ਅਤੇ ਪਿੰਡਾਂ ਦੀਆਂ ਫਿਰਨੀਆਂ ਨੂੰ ਚੌੜਾ ਤੇ ਕੰਕਰੀਟ ਕਰਨ ਦਾ ਕੰਮ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
53 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵੇਰਵਾ
ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ 53 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਕੰਮਾਂ ਵਿੱਚ ਮਾਰਕੀਟ ਕਮੇਟੀ ਨਕੋਦਰ, ਬਿਲਗਾ ਅਤੇ ਨੂਰਮਹਿਲ ਅਧੀਨ ਕਈ ਸੜਕਾਂ ਸ਼ਾਮਲ ਹਨ। ਇਸ ਵੇਲੇ ਕੰਮ ਚੱਲ ਰਹੇ ਪ੍ਰਾਜੈਕਟਾਂ ਵਿੱਚੋਂ ਕੁਝ ਪ੍ਰਮੁੱਖ ਸੜਕਾਂ ਇਹ ਹਨ: ਸਰੀਂਹ ਤੋਂ ਗੋਹੀਰ ਜੰਡਿਆਲਾ ਰੋਡ (2.60 ਕਿਲੋਮੀਟਰ), ਨਕੋਦਰ ਬਾਈਪਾਸ ਤੋਂ ਜੰਡਿਆਲਾ ਤੱਕ ਨਹਿਰ ਵਾਲੀ ਸੜਕ (1.15 ਕਿਲੋਮੀਟਰ), ਨਕੋਦਰ-ਨੂਰਮਹਿਲ ਸੜਕ ਤੋਂ ਬੀਰ ਪਿੰਡ ਰੋਡ (1.14 ਕਿਲੋਮੀਟਰ), ਅਤੇ ਪਿੰਡ ਬਾਠ ਦੀ ਫਿਰਨੀ (1.77 ਕਿਲੋਮੀਟਰ) ਤੇ ਬੋਪਾਰਾਏ ਦੀ ਫਿਰਨੀ (0.95 ਕਿਲੋਮੀਟਰ) ਦਾ ਕੰਕਰੀਟੀਕਰਨ।
ਜਲਦ ਸ਼ੁਰੂ ਹੋਣ ਵਾਲੇ ਕੰਮਾਂ ਦਾ ਐਲਾਨ
ਵਿਧਾਇਕ ਇੰਦਰਜੀਤ ਕੌਰ ਮਾਨ ਨੇ ਉਨ੍ਹਾਂ ਕੰਮਾਂ ਦਾ ਵੀ ਵੇਰਵਾ ਦਿੱਤਾ ਜੋ ਜਲਦ ਹੀ ਸ਼ੁਰੂ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਈ ਪ੍ਰਮੁੱਖ ਲਿੰਕ ਸੜਕਾਂ ਵਿੱਚ ਪਿੰਡ ਪੁਆਦੜਾ ਤੋਂ ਧੁੱਸੀ ਬੰਨ੍ਹ ਤੱਕ ਦੀ 3.5 ਕਿਲੋਮੀਟਰ ਸੜਕ, ਤਲਵਣ ਤੋਂ ਰਾਜੋਵਾਲ ਤੱਕ 6 ਕਿਲੋਮੀਟਰ ਸੜਕ, ਅਤੇ ਬਿਲਗਾ ਤੋਂ ਤਲਵਣ ਤੱਕ 5.5 ਕਿਲੋਮੀਟਰ ਸੜਕ ਸ਼ਾਮਲ ਹੈ। ਇਸੇ ਤਰ੍ਹਾਂ, ਮਾਰਕੀਟ ਕਮੇਟੀ ਨਕੋਦਰ ਅਧੀਨ ਵੀ ਕਈ ਮਹੱਤਵਪੂਰਨ ਸੜਕਾਂ ਦਾ ਕੰਮ ਸ਼ੁਰੂ ਹੋਵੇਗਾ, ਜਿਵੇਂ ਕਿ ਨਕੋਦਰ-ਕਪੂਰਥਲਾ ਤੋਂ ਜਹਾਂਗੀਰ ਤੱਕ 1 ਕਿਲੋਮੀਟਰ, ਨਕੋਦਰ-ਜੰਡਿਆਲਾ ਰੋਡ ਤੋਂ ਜਵੰਦਾ ਤੱਕ 1.9 ਕਿਲੋਮੀਟਰ, ਅਤੇ ਨਕੋਦਰ-ਕਪੂਰਥਲਾ ਰੋਡ ਤੋਂ ਉੱਗੀ ਤੱਕ ਵਾਇਆ ਹੁਸੈਨਪੁਰ-ਹੇਰਾਂ 9.4 ਕਿਲੋਮੀਟਰ ਸੜਕ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਇਹ ਸਾਰੇ ਪ੍ਰਾਜੈਕਟ ਨਕੋਦਰ ਹਲਕੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।