ਜਲੰਧਰ: ਜਲੰਧਰ ਵਿੱਚ ਭਾਜਪਾ ਘੱਟ ਗਿਣਤੀ ਸੈੱਲ ਦੇ ਮੈਂਬਰ ਅਤੇ ਸਾਬਕਾ ਆਜ਼ਾਦ ਕੌਂਸਲਰ ਉਮੀਦਵਾਰ ਨੌਸ਼ਾਦ ਆਲਮ ਨੂੰ ਇੱਕ ਨਾਬਾਲਗ ਲੜਕੀ ਨਾਲ ਜਬਰ ਜ਼ਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਜਲੰਧਰ ਦੇ ਸ਼ਿਵ ਨਗਰ ਦੀ ਹੈ, ਜਿੱਥੇ ਥਾਣਾ 1 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਨੌਸ਼ਾਦ ਆਲਮ ਨੂੰ ਹਿਰਾਸਤ ਵਿੱਚ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਅਪ੍ਰੈਲ ਮਹੀਨੇ ਵਿੱਚ ਇੱਕ 15 ਸਾਲਾ ਨਾਬਾਲਗ ਲੜਕੀ ਨੂੰ ਕਿਸੇ ਲੜਕੇ ਵੱਲੋਂ ਵਰਗਲਾ ਕੇ ਲਿਜਾਇਆ ਗਿਆ ਸੀ। ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਲੜਕੀ ਨੂੰ ਬਰਾਮਦ ਕਰ ਲਿਆ ਸੀ ਅਤੇ ਥਾਣਾ ਡਿਵੀਜ਼ਨ 2 ਵਿੱਚ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੱਜ ਨੇ ਨਾਬਾਲਗਾ ਨੂੰ ਨਾਰੀ ਨਿਕੇਤਨ ਭੇਜਣ ਦੇ ਹੁਕਮ ਦਿੱਤੇ ਸਨ।
ਨਾਬਾਲਗਾ ਦੀ ਮਾਤਾ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਨਾਰੀ ਨਿਕੇਤਨ ਭੇਜੇ ਜਾਣ ਦੇ ਚਾਰ-ਪੰਜ ਦਿਨ ਬਾਅਦ, ਨੌਸ਼ਾਦ ਆਲਮ ਨੇ ਉਨ੍ਹਾਂ ਨੂੰ ਲੜਕੀ ਨੂੰ ਵਾਪਸ ਲਿਆਉਣ ਲਈ ਕਿਹਾ। ਉਨ੍ਹਾਂ ਦੇ ਕਹਿਣ ‘ਤੇ ਲੜਕੀ ਨੂੰ ਨਾਰੀ ਨਿਕੇਤਨ ਤੋਂ ਵਾਪਸ ਲਿਆਇਆ ਗਿਆ। ਇਸ ਤੋਂ ਬਾਅਦ, ਨੌਸ਼ਾਦ ਲੜਕੀ ਨੂੰ ਇਹ ਕਹਿ ਕੇ ਆਪਣੇ ਘਰ ਲੈ ਗਿਆ ਕਿ ਉਹ ਆਪਣੇ ਮਾਪਿਆਂ ਦੇ ਘਰ ਸੁਰੱਖਿਅਤ ਨਹੀਂ ਹੈ ਅਤੇ ਉਸਨੂੰ ਆਪਣੇ ਘਰ ਰੱਖਿਆ ਜਾਵੇਗਾ।
ਕੁਝ ਦਿਨਾਂ ਬਾਅਦ, ਨੌਸ਼ਾਦ, ਜੋ ਪਹਿਲਾਂ ਹੀ ਦੋ ਪਤਨੀਆਂ ਨਾਲ ਰਹਿ ਰਿਹਾ ਸੀ, ਨੇ ਲੜਕੀ ਦੇ ਪਰਿਵਾਰ ਨੂੰ ਦੱਸਿਆ ਕਿ ਉਸਨੇ ਉਨ੍ਹਾਂ ਦੀ ਨਾਬਾਲਗ ਲੜਕੀ ਨਾਲ ਵਿਆਹ ਕਰ ਲਿਆ ਹੈ। ਪੁਲਿਸ ਨੇ ਲੜਕੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਭੇਜਿਆ ਹੈ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਨੌਸ਼ਾਦ ਆਲਮ ਵਿਰੁੱਧ ਜਬਰ ਜ਼ਨਾਹ ਦਾ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।