ਜਗਰਾਓਂ/ਮੁੱਲਾਂਪੁਰ: ਤਲਵੰਡੀ ਖੁਰਦ ਦੇ ਤਲਵੰਡੀ ਧਾਮ ਦੇ ਮੁਖੀ, ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਆਖ਼ਰਕਾਰ ਥਾਣਾ ਦਾਖਾ ਵਿਖੇ ਉਨ੍ਹਾਂ ਦੇ ਹੀ ਇੱਕ ਸ਼ਰਧਾਲੂ ਦੀ ਸ਼ਿਕਾਇਤ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਜਾਣਕਾਰੀ ਸਬ-ਡਵੀਜ਼ਨ ਦਾਖਾ ਦੇ ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦਿੱਤੀ। ਸ਼ਿਕਾਇਤਕਰਤਾ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਅਪੀਲ ਕੀਤੀ ਹੈ, ਕਿਉਂਕਿ ਉਸ ਨੂੰ ਡਰ ਹੈ ਕਿ ਸਵਾਮੀ ਦੀ ਉੱਚ ਪਹੁੰਚ ਕਾਰਨ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸਵਾਮੀ ਸ਼ੰਕਰਾ ਨੰਦ ਦਾ ਸ਼ਰਧਾਲੂ ਸੀ ਅਤੇ ਉਨ੍ਹਾਂ ਪ੍ਰਤੀ ਉਸ ਦੀ ਬਹੁਤ ਡੂੰਘੀ ਧਾਰਮਿਕ ਆਸਥਾ ਸੀ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਧਾਰਮਿਕ ਭਾਵਨਾ ਦੇ ਆਧਾਰ ‘ਤੇ ਸਵਾਮੀ ਸ਼ੰਕਰਾ ਨੰਦ ਨਾਲ ਦਿਲੋਂ ਜੁੜਿਆ ਹੋਇਆ ਸੀ।
ਪਰ, ਜਦੋਂ ਉਸ ਨੂੰ ਇੱਕ ਅਸ਼ਲੀਲ ਵੀਡੀਓ ਦੀ ਖ਼ਬਰ ਬਾਰੇ ਪਤਾ ਲੱਗਾ ਅਤੇ ਬਾਅਦ ਵਿੱਚ ਇਹ ਖ਼ਬਰ ਸੱਚੀ ਸਾਬਤ ਹੋਈ, ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ। ਇਸ ਘਟਨਾ ਨੇ ਉਸ ਨੂੰ ਧਾਰਮਿਕ ਅਤੇ ਮਾਨਸਿਕ ਤੌਰ ‘ਤੇ ਬਹੁਤ ਦੁਖੀ ਕੀਤਾ, ਜਿਸ ਕਾਰਨ ਉਸ ਨੇ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦਾ ਮਨ ਬਣਾਇਆ। ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਮੀ ਸ਼ੰਕਰਾ ਨੰਦ ਖ਼ਿਲਾਫ਼ ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਲਵੰਡੀ ਧਾਮ ਵਿਖੇ ਦਸਤਕ ਦਿੱਤੀ। ਹਾਲਾਂਕਿ, ਸਵਾਮੀ ਸ਼ੰਕਰਾ ਨੰਦ ਉੱਥੇ ਮੌਜੂਦ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਸਵਾਮੀ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ।
ਸੂਤਰਾਂ ਅਨੁਸਾਰ, ਪੁਲਿਸ ਸਵਾਮੀ ਸ਼ੰਕਰਾ ਨੰਦ ਦੀ ਗ੍ਰਿਫ਼ਤਾਰੀ ਲਈ ਸਰਗਰਮ ਹੋ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮਾਮਲੇ ਵਿੱਚ ਕਾਰਵਾਈ ਦੀ ਭਿਣਕ ਲੱਗਣ ਤੋਂ ਬਾਅਦ ਸਵਾਮੀ ਸ਼ੰਕਰਾ ਨੰਦ ਡੇਰੇ ਵਿੱਚੋਂ ਗਾਇਬ ਹੋ ਗਏ ਹਨ। ਹੁਣ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਦੋ ਨੇੜਲੇ ਵਿਅਕਤੀਆਂ ਦੀ ਵੀ ਭਾਲ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਇਨ੍ਹਾਂ ਦੋਵਾਂ ਨੇੜਲਿਆਂ, ਜੋ ਕਿ ਇਲਾਕੇ ਵਿੱਚ ਹੀ ਹਨ, ਰਾਹੀਂ ਸਵਾਮੀ ਸ਼ੰਕਰਾ ਨੰਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸਵਾਮੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।