ਚੰਡੀਗੜ੍ਹ: ਪੰਜਾਬ, ਜਿਸ ਨੂੰ ਦੁਨੀਆ ਸੱਭਿਆਚਾਰਕ ਅਮੀਰੀ ਲਈ ਜਾਣਦੀ ਹੈ, ਅੱਜਕੱਲ੍ਹ ਇੱਕ ਨਵੇਂ ‘ਫੈਸ਼ਨ’ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ‘ਫ਼ੀਡਫ਼ਰੰਟ ਨਿਊਜ਼’ ਦੇ ਐਡੀਟਰ-ਇਨ-ਚੀਫ਼ ਹਰਸ਼ ਗੋਗੀ ਨੇ ਇੱਕ ਸਖ਼ਤ ਸੰਪਾਦਕੀ ਵਿੱਚ ਇਹ ਸਵਾਲ ਚੁੱਕਿਆ ਹੈ ਕਿ ਕੀ ਹਰ ਬਾਹਰੀ ਤਿਉਹਾਰ ਨੂੰ ਬਿਨਾਂ ਸੋਚੇ-ਸਮਝੇ ਪੰਜਾਬ ਵਿੱਚ ਵੱਡੇ ਪੱਧਰ ‘ਤੇ ਮਨਾਉਣਾ ਸੱਭਿਆਚਾਰਕ ਸੂਝ ਦੀ ਨਿਸ਼ਾਨੀ ਹੈ ਜਾਂ ਸਿਰਫ਼ ਇੱਕ ਰਾਜਨੀਤਿਕ ਦਿਖਾਵਾ।
‘ਵੋਟ ਬੈਂਕ’ ਦੀ ਖੇਡ?
ਲੇਖਕ ਨੇ ਤਾਜ਼ਾ ਉਦਾਹਰਨ ਵਜੋਂ ਮੂਲ ਰੂਪ ਵਿੱਚ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਪਵਿੱਤਰ ਤਿਉਹਾਰ ਛਠ ਪੂਜਾ ਦਾ ਜ਼ਿਕਰ ਕੀਤਾ। ਸੰਪਾਦਕੀ ਅਨੁਸਾਰ, ਇਸ ਤਿਉਹਾਰ ਦਾ ਮਨਾਇਆ ਜਾਣਾ ਗਲਤ ਨਹੀਂ ਹੈ, ਕਿਉਂਕਿ ਪਰਵਾਸੀ ਭਰਾ ਇਸ ਧਰਤੀ ਦਾ ਅਹਿਮ ਹਿੱਸਾ ਹਨ। ਪਰ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਪਿਛਲੇ ਕੁਝ ਸਾਲਾਂ ਵਿੱਚ ਕੁਝ ਨੇਤਾਵਾਂ ਅਤੇ ਪ੍ਰਸ਼ਾਸਨਿਕ ਤਾਕਤਾਂ ਨੇ ‘ਵੋਟ ਬੈਂਕ’ ਦੀ ਰਾਜਨੀਤੀ ਤਹਿਤ ਅਜਿਹੇ ਤਿਉਹਾਰਾਂ ਨੂੰ ਜਨਤਕ ਪੱਧਰ ‘ਤੇ ਖੁੱਲ੍ਹਾ ਪ੍ਰੋਤਸਾਹਨ ਦੇਣਾ ਸ਼ੁਰੂ ਕਰ ਦਿੱਤਾ ਹੈ।
ਜੜ੍ਹਾਂ ਤੋਂ ਦੂਰੀ ਦਾ ਖ਼ਤਰਾ
ਸੰਪਾਦਕੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਜਿਸ ਧਰਤੀ ‘ਤੇ ਲੋਹੜੀ, ਬੈਸਾਖੀ, ਤੇਜ ਅਤੇ ਗੁਰਪੁਰਬ ਵਰਗੇ ਆਪਣੇ ਜੜ੍ਹਾਂ ਵਾਲੇ ਤਿਉਹਾਰ ਹਨ, ਉੱਥੇ ਹੁਣ ਮੰਚਾਂ ‘ਤੇ ਬਾਹਰੀ ਤਿਉਹਾਰਾਂ ਦੇ ਵੱਡੇ ਬੈਨਰ ਦਿਸਣ ਲੱਗੇ ਹਨ। ਸ੍ਰੀ ਗੋਗੀ ਦਾ ਤਰਕ ਹੈ, “ਜਦੋਂ ਇਹ ਤਿਉਹਾਰ ਜਨਤਕ ਪੱਧਰ ‘ਤੇ ਵੱਡੇ ਪ੍ਰੋਗਰਾਮਾਂ, ਰਾਜਨੀਤਿਕ ਮੰਚਾਂ ਤੇ ਸਰਕਾਰੀ ਪ੍ਰੋਮੋਸ਼ਨਾਂ ਵਿੱਚ ਦਾਖ਼ਲ ਹੋਣ ਲੱਗਦੇ ਹਨ, ਤਾਂ ਇਹ ਮਾਮਲਾ ਕੇਵਲ ਧਾਰਮਿਕ ਨਹੀਂ ਰਹਿੰਦਾ — ਇਹ ਸੱਭਿਆਚਾਰਕ ਅਸਰ ਦਾ ਪ੍ਰਸ਼ਨ ਬਣ ਜਾਂਦਾ ਹੈ।” ਉਨ੍ਹਾਂ ਸਵਾਲ ਕੀਤਾ ਕਿ ਕੀ ਆਪਣੀ ਮਾਂ ਬੋਲੀ, ਆਪਣੇ ਲੋਕ-ਗੀਤ, ਅਤੇ ਆਪਣੇ ਮੇਲੇ-ਠੇਲੇ ਕਾਫ਼ੀ ਨਹੀਂ ਰਹੇ, ਜੋ ਹੁਣ ਹਰ ਚੀਜ਼ ਦੀ “ਇੰਪੋਰਟ” ਕੀਤੀ ਜਾ ਰਹੀ ਹੈ? ਉਨ੍ਹਾਂ ਚੇਤਾਵਨੀ ਦਿੱਤੀ ਕਿ ਬਾਹਰੀ ਤਿਉਹਾਰਾਂ ਨੂੰ ਰਾਜਨੀਤਿਕ ਉਦੇਸ਼ਾਂ ਲਈ ‘ਪੰਜਾਬੀ ਤਿਉਹਾਰ’ ਬਣਾ ਦੇਣਾ ਸਿਰਫ਼ ਵਿਡੰਬਨਾ ਨਹੀਂ, ਸਗੋਂ ਇੱਕ ‘ਖ਼ਤਰਾ’ ਹੈ, ਜੋ ਪੰਜਾਬੀ ਸੱਭਿਆਚਾਰ ਦੀ ਰੱਖਿਆ ਲਈ ਚੁਣੌਤੀ ਪੈਦਾ ਕਰਦਾ ਹੈ।

ਸੰਪਾਦਕੀ ਦਾ ਸਿੱਟਾ ਹੈ ਕਿ ਸਾਨੂੰ ਆਪਣੀ ਜੜ੍ਹਾਂ ਨਾਲ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਪਛਾਣ ਦੀ ਇੱਜ਼ਤ ਕਰਨੀ ਚਾਹੀਦੀ ਹੈ।
