ਗਿੱਦੜਬਾਹਾ/ਦੋਦਾ : ਪੰਜਾਬ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਹੈਰਾਨਕੁਨ ਘਟਨਾ ਗਿੱਦੜਬਾਹਾ ਦੇ ਪਿੰਡ ਮਧੀਰ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ ਅਤੇ ਉਸ ਦੇ ਪੁੱਤਰ ਨੂੰ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਉਨ੍ਹਾਂ ਨੂੰ ਸੰਗਲਾਂ ਵਿੱਚ ਜਕੜੇ ਜਾਣ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ।
ਕਿਸਾਨ ਦੇ ਗੰਭੀਰ ਦੋਸ਼
ਪੀੜਤ ਕਿਸਾਨ ਨਿਰਮਲ ਸਿੰਘ ਪੁੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਸਨੇ ਪਿੰਡ ਦੇ ਇੱਕ ਆੜ੍ਹਤੀਏ ਦਾ 45,000 ਰੁਪਏ ਦੇਣੇ ਹਨ। ਕਿਸਾਨ ਅਨੁਸਾਰ, ਮਿਤੀ 13 ਅਕਤੂਬਰ ਨੂੰ ਆੜ੍ਹਤੀਆ ਉਸਨੂੰ ਅਤੇ ਉਸਦੀ ਮਾਂ ਨੂੰ ਜ਼ਬਰਦਸਤੀ ਲੈ ਗਿਆ ਅਤੇ ਆਪਣੇ ਪੋਲਟਰੀ ਫਾਰਮ ਵਿੱਚ ਕਈ ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ। ਨਿਰਮਲ ਸਿੰਘ ਨੇ ਗੰਭੀਰ ਦੋਸ਼ ਲਾਇਆ ਕਿ ਉੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਿਆਂ ਉਨ੍ਹਾਂ ਨੂੰ ‘ਚੂਚਿਆਂ ਦਾ ਮਲ’ ਵੀ ਖੁਆਇਆ ਗਿਆ।
ਕਿਸਾਨ ਨੇ ਦੱਸਿਆ ਕਿ ਉਹ ਕੱਲ੍ਹ ਕਿਸੇ ਤਰ੍ਹਾਂ ਭੱਜ ਕੇ ਘਰ ਪਰਤੇ, ਪਰ ਆੜ੍ਹਤੀਏ ਨੇ ਪਿੱਛਾ ਕਰਕੇ ਉਨ੍ਹਾਂ ਦੇ ਹੀ ਘਰ ਵਿੱਚ ਉਨ੍ਹਾਂ ਦੋਵਾਂ ਨੂੰ ਸੰਗਲਾਂ ਨਾਲ ਬੰਨ੍ਹ ਦਿੱਤਾ। ਪਿੰਡ ਦੀ ਪੰਚਾਇਤ ਨੇ ਉਨ੍ਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ, ਜ਼ੰਜੀਰਾਂ ਨਾਲ ਬੰਨ੍ਹੇ ਹੋਣ ਦੀ ਵੀਡੀਓ ਵਾਇਰਲ ਹੋ ਗਈ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ।
ਪੁਲਿਸ ਨੇ ਕਰਵਾਈ ਰਿਹਾਈ, ਪਤਨੀ ਦੇ ਦੋਸ਼ਾਂ ਨੇ ਮੋੜਿਆ ਮਾਮਲਾ
ਥਾਣਾ ਕੋਟਭਾਈ ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮਾਂ-ਪੁੱਤ ਨੂੰ ਜੰਜ਼ੀਰਾਂ ਦੀ ਕੈਦ ‘ਚੋਂ ਰਿਹਾਅ ਕਰਵਾਇਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਕੋਟਭਾਈ ਦੇ ਇੰਚਾਰਜ ਜਸਵੀਰ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਲਿਸ ਟੀਮ ਨੇ ਪੀੜਤਾਂ ਨੂੰ ਸੰਗਲਾਂ ਨਾਲ ਬੰਨ੍ਹਿਆ ਪਾਇਆ ਸੀ। ਹਾਲਾਂਕਿ, ਮਾਮਲਾ ਉਸ ਸਮੇਂ ਹੋਰ ਉਲਝ ਗਿਆ ਜਦੋਂ ਕਿਸਾਨ ਨਿਰਮਲ ਸਿੰਘ ਦੀ ਪਤਨੀ ਨੇ ਆਪਣੇ ਪਤੀ ‘ਤੇ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ ਅਤੇ ਨਸ਼ੇ ਵਿੱਚ ਉਸਦੀ (ਪਤਨੀ ਦੀ) ਕੁੱਟਮਾਰ ਕਰਦਾ ਹੈ। ਪਤਨੀ ਨੇ ਕਿਹਾ ਕਿ ਉਸਨੇ ਆਪਣੇ ਪਤੀ ਨੂੰ ਇਸੇ ਕਾਰਨ ਜ਼ੰਜੀਰਾਂ ਨਾਲ ਬੰਨ੍ਹਿਆ ਸੀ।
ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਸੱਚਾਈ ਜਾਣਨ ਲਈ ਦੋਵਾਂ ਪਤੀ-ਪਤਨੀ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਤੱਥਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
