ਨਕੋਦਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਬਾਰੇ ਕੀਤੀ ਗਈ ਜਾਤੀ ਸੂਚਕ ਟਿੱਪਣੀ ‘ਤੇ ਰਾਜਨੀਤਿਕ ਤੂਫ਼ਾਨ ਹੋਰ ਤੇਜ਼ ਹੋ ਗਿਆ ਹੈ। ਹੁਣ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਰਾਜਾ ਵੜਿੰਗ ਅਤੇ ਕਾਂਗਰਸ ਪਾਰਟੀ ‘ਤੇ ਸਖ਼ਤ ਸ਼ਬਦਾਂ ਵਿੱਚ ਹਮਲਾ ਬੋਲਿਆ ਹੈ।
ਕਾਂਗਰਸ ‘ਤੇ ਦਲਿਤ ਵਿਰੋਧੀ ਹੋਣ ਦਾ ਦੋਸ਼
ਵਿਧਾਇਕਾ ਸਾਹਿਬਾ ਨੇ ਕਿਹਾ ਕਿ ਦਲਿਤ ਸਮਾਜ ਨੇ ਪਿਛਲੇ 78 ਸਾਲਾਂ ਵਿੱਚ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਕਾਂਗਰਸ ਵਿੱਚ ਮਾਣ-ਸਨਮਾਨ ਨਹੀਂ ਮਿਲਿਆ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਇਸ ਦੀ ਮਿਸਾਲ ਦੱਸਦਿਆਂ ਕਿਹਾ ਕਿ ਉਹ ਅਜੇ ਵੀ ਰੰਗਭੇਦ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚੋਂ ਭਿੰਨਭੇਦ ਨਹੀਂ ਨਿਕਲ ਰਿਹਾ। ਵਿਧਾਇਕਾ ਸਾਹਿਬਾ ਨੇ ਕਾਂਗਰਸ ਤੋਂ ਮੰਗ ਕੀਤੀ ਕਿ ਅਜਿਹੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ, ਜਿਨ੍ਹਾਂ ਦੇ ਅੰਦਰ ਦਲਿਤ ਸਮਾਜ ਪ੍ਰਤੀ ਇੰਨੀ ਨਫ਼ਰਤ ਭਰੀ ਪਈ ਹੈ।
ਬੂਟਾ ਸਿੰਘ ਦੀਆਂ ਪ੍ਰਾਪਤੀਆਂ ਦੀ ਕੀਤੀ ਗੱਲ
ਵਿਧਾਇਕਾ ਸਾਹਿਬਾ ਨੇ ਮਰਹੂਮ ਸ. ਬੂਟਾ ਸਿੰਘ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਉੱਘੇ ਸਿਆਸਤਦਾਨ ਹੋਏ ਹਨ। ਉਨ੍ਹਾਂ ਦੀਆਂ ਉਪਲਬਧੀਆਂ ਦੀ ਗੱਲ ਹੋਣੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਸ. ਬੂਟਾ ਸਿੰਘ 8 ਵਾਰ ਲੋਕ ਸਭਾ ਦੇ ਮੈਂਬਰ ਰਹੇ, ਵੱਖ-ਵੱਖ ਵਿਭਾਗਾਂ ਵਿੱਚ ਮੰਤਰੀ ਰਹੇ ਅਤੇ ਬਿਹਾਰ ਦੇ ਗਵਰਨਰ ਵੀ ਰਹੇ। ਉਨ੍ਹਾਂ ਵਿੱਚ ਇਹ ਵਿਲੱਖਣਤਾ ਸੀ ਕਿ ਉਹ ਬੀ.ਏ. (ਆਨਰਜ਼) ਅਤੇ ਐਮ.ਏ. ਸਨ, ਨਾ ਕਿ ਕੋਈ ਆਮ ਵਿਅਕਤੀ, ਜਿਸ ਨੂੰ ਕਾਂਗਰਸ ਨੇ ਸਿਰਫ਼ ਆਪਣੀ ਤਰੱਕੀ ਲਈ ਵਰਤਿਆ ਹੋਵੇ। ਵਿਧਾਇਕਾ ਸਾਹਿਬਾ ਨੇ ਸਵਾਲ ਉਠਾਇਆ ਕਿ ਜਦੋਂ ਕਾਂਗਰਸ ਦਾ ਪੰਜਾਬ ਪ੍ਰਧਾਨ ਆਪਣੀ ਪਾਰਟੀ ਦੇ ਮਹਾਨ ਲੀਡਰ ਬਾਰੇ ਹਲਕੀ ਸ਼ਬਦਾਵਲੀ ਵਰਤਦਾ ਹੈ, ਤਾਂ ਪੰਜਾਬ ਦੇ ਲੋਕਾਂ ਨੇ ਇਸ ਟਿੱਪਣੀ ਦਾ ਗੰਭੀਰ ਨੋਟਿਸ ਲਿਆ ਹੈ।
‘ਆਪ’ ਨੇ ਦਲਿਤ ਸਮਾਜ ਨੂੰ ਦਿੱਤੀ ਬਰਾਬਰਤਾ: ਵਿਧਾਇਕਾ ਮਾਨ
ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਇੱਕੋ-ਇੱਕ ਪਾਰਟੀ ਆਮ ਆਦਮੀ ਪਾਰਟੀ ਹੈ, ਜਿਸ ਨੇ ਦਲਿਤ ਸਮਾਜ ਨੂੰ ਬਰਾਬਰਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਦੇ ਹਰ ਦਫ਼ਤਰ ਵਿੱਚ ਡਾਕਟਰ ਬੀ.ਆਰ. ਅੰਬੇਡਕਰ ਜੀ ਦੀ ਤਸਵੀਰ ਲੱਗੀ ਹੈ। ਨਾਲ ਹੀ, ਇਹ ਪਹਿਲੀ ਵਾਰ ਹੈ ਕਿ ਸਰਕਾਰ ਅੰਦਰ ਦਲਿਤ ਸਮਾਜ ਦੇ ਆਗੂਆਂ ਨੂੰ ਬਰਾਬਰ ਦੇ ਮੰਤਰੀ ਪਦ ਮਿਲੇ ਹਨ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੂੰ ਇਹ ਦੇਖ ਕੇ ਵੀ ਸਮਝ ਨਹੀਂ ਬਣੀ, ਕਿਉਂਕਿ ਉਨ੍ਹਾਂ ਦੇ ਦਿਮਾਗ ਵਿੱਚ ‘ਹੀਣ ਭਾਵਨਾ’ ਕੁੱਟ-ਕੁੱਟ ਕੇ ਭਰੀ ਹੋਈ ਹੈ।
