ਨਕੋਦਰ: ਨਕੋਦਰ ਨਗਰ ਕੌਂਸਲ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੁਰਸੀ ਦੇ ਮੌਜੂਦਾ ਅਤੇ ਸਾਬਕਾ ਦਾਵੇਦਾਰਾਂ ਨੇ ਰਲ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹੋਣ। 18 ਨਵੰਬਰ 2025 ਨੂੰ ਦਰਜ ਹੋਈ FIR ਨੰਬਰ 141 ਨੇ ਨਕੋਦਰ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਪੁਲਿਸ ਨੇ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨਵਨੀਤ ਐਰੀ, ਸਾਬਕਾ ਪ੍ਰਧਾਨ ਆਦਿਤਯ ਭਟਾਰਾ ਅਤੇ ਮੁਅੱਤਲ ਕਲਰਕ ਅਸ਼ੋਕ ਕੁਮਾਰ ਦੇ ਖਿਲਾਫ ਸਰਕਾਰੀ ਰਿਕਾਰਡ ਖੁਰਦ-ਬੁਰਦ ਕਰਨ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਸੰਗੀਨ ਮਾਮਲਾ ਦਰਜ ਕੀਤਾ ਹੈ।
ਹੇਠਾਂ ਪੜ੍ਹੋ ਪੂਰੀ ਘਟਨਾ ਦੀ ਇੱਕ-ਇੱਕ ਪਰਤ, ਜੋ FIR ਅਤੇ ਜਾਂਚ ਰਿਪੋਰਟਾਂ ‘ਤੇ ਅਧਾਰਿਤ ਹੈ:
1. ਸਾਜ਼ਿਸ਼ ਦੀ ਤਾਰੀਕ: 25 ਸਤੰਬਰ 2025 (ਦੁਪਹਿਰ ਦਾ ਸਮਾਂ)
ਘਟਨਾ ਵਾਲੇ ਦਿਨ ਨਗਰ ਕੌਂਸਲ ਦੇ ਈ.ਓ. (EO) ਕਿਸੇ ਸਰਕਾਰੀ ਮੀਟਿੰਗ ਲਈ ਜਲੰਧਰ ਗਏ ਹੋਏ ਸਨ। ਪਿੱਛੋਂ ਦਫਤਰ ਵਿੱਚ “ਬਿੱਲੀ ਦੇ ਜਾਣ ਮਗਰੋਂ ਚੂਹਿਆਂ ਦੇ ਖੇਡਣ” ਵਾਲਾ ਮਾਹੌਲ ਬਣ ਗਿਆ। ਦੋਸ਼ ਹੈ ਕਿ ਸਾਬਕਾ ਪ੍ਰਧਾਨ ਆਦਿਤਯ ਭਟਾਰਾ ਦਫਤਰ ਆਏ ਅਤੇ ਮੌਜੂਦਾ ਪ੍ਰਧਾਨ ਨਵਨੀਤ ਐਰੀ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ।
2. ‘ਆਪ੍ਰੇਸ਼ਨ ਰਿਕਾਰਡ ਰੂਮ’ ਅਤੇ 200 ਰੁਪਏ ਦੀ ਰਿਸ਼ਵਤ?
FIR ਮੁਤਾਬਕ, ਸਭ ਤੋਂ ਦਿਲਚਸਪ ਅਤੇ ਸ਼ਰਮਨਾਕ ਪਹਿਲੂ ਕਲਰਕ ਅਸ਼ੋਕ ਕੁਮਾਰ ਦੇ ਬਿਆਨਾਂ ਤੋਂ ਸਾਹਮਣੇ ਆਇਆ।
- ਪਲਾਨਿੰਗ: ਕਲਰਕ ਅਸ਼ੋਕ ਕੁਮਾਰ ਨੂੰ ਕਮਰਾ ਨੰਬਰ 9 (ਪ੍ਰਧਾਨ ਦਾ ਕਮਰਾ) ਵਿੱਚ ਬੁਲਾਇਆ ਗਿਆ। ਉੱਥੇ ਮੌਜੂਦਾ ਪ੍ਰਧਾਨ ਨਵਨੀਤ ਐਰੀ ਅਤੇ ਸਾਬਕਾ ਪ੍ਰਧਾਨ ਆਦਿਤਯ ਭਟਾਰਾ ਪਹਿਲਾਂ ਹੀ ਮੌਜੂਦ ਸਨ।
- ਪਕੌੜਿਆਂ ਵਾਲੀ ਚਾਲ: ਕਮਰੇ ਵਿੱਚ ਮੌਜੂਦ ਸੇਵਾਦਾਰਾਂ ਨੂੰ ਬਾਹਰ ਕੱਢਣ ਅਤੇ ਗੱਲ ਗੁਪਤ ਰੱਖਣ ਲਈ ਇੱਕ ਅਜੀਬ ਤਰੀਕਾ ਵਰਤਿਆ ਗਿਆ। ਮੌਜੂਦਾ ਪ੍ਰਧਾਨ ਨਵਨੀਤ ਐਰੀ ਨੇ ਕਥਿਤ ਤੌਰ ‘ਤੇ ਕਲਰਕ ਅਸ਼ੋਕ ਨੂੰ 200 ਰੁਪਏ ਦਿੱਤੇ ਅਤੇ ਕਿਹਾ ਕਿ ਸੇਵਾਦਾਰ ਊਸ਼ਾ ਰਾਣੀ ਲਈ ਪਕੌੜੇ ਲੈ ਕੇ ਆਓ ਅਤੇ 100 ਰੁਪਏ ਉਸਨੂੰ ਦੇ ਦਿਓ। ਮਕਸਦ ਸਾਫ ਸੀ-ਕਿ ਸੇਵਾਦਾਰਾਂ ਦਾ ਧਿਆਨ ਖਾਣ-ਪੀਣ ਵਿੱਚ ਲੱਗ ਜਾਵੇ ਅਤੇ ਅੰਦਰ “ਕੰਮ” ਨੇਪਰੇ ਚਾੜ੍ਹਿਆ ਜਾ ਸਕੇ।
3. ਕੀ ਸੀ ਉਹ ਰਾਜ਼ ਜੋ ਮਿਟਾਉਣਾ ਜ਼ਰੂਰੀ ਸੀ?
ਇਹ ਸਾਰੀ ਭੱਜ-ਨੱਠ ਪ੍ਰਾਪਰਟੀ ਨੰਬਰ 276/A ਨੂੰ ਲੈ ਕੇ ਸੀ।
- ਰਜਿਸਟਰ ਨੰਬਰ 3 (ਸਾਲ 2003-04): ਇਸ ਰਜਿਸਟਰ ਵਿੱਚ ਲੜੀ ਨੰਬਰ 185/A ‘ਤੇ ਦਰਜ ਪ੍ਰਾਪਰਟੀ 276/A ਦਾ ਰਿਕਾਰਡ ਸਾਬਕਾ ਪ੍ਰਧਾਨ ਆਦਿਤਯ ਭਟਾਰਾ ਦੇ ਪਰਿਵਾਰ ਨਾਲ ਸਬੰਧਤ ਸੀ।
- ਛੇੜਛਾੜ: ਦੋਸ਼ ਹੈ ਕਿ ਬੰਦ ਕਮਰੇ ਵਿੱਚ ਇਸ ਇੰਦਰਾਜ ‘ਤੇ ਫਲੂਲਡ (Whitener) ਲਗਾ ਕੇ ਜਾਂ ਕਟਿੰਗ ਕਰਕੇ ਇਸਨੂੰ ਮਿਟਾਇਆ ਗਿਆ ਤਾਂ ਜੋ ਵਿਜੀਲੈਂਸ ਜਾਂਚ ਵਿੱਚ ਬਚਾਅ ਹੋ ਸਕੇ। ਜ਼ਿਕਰਯੋਗ ਹੈ ਕਿ ਆਦਿਤਯ ਭਟਾਰਾ ਦੀਆਂ ਪ੍ਰਾਪਰਟੀਆਂ ਦੀ ਜਾਂਚ ਪਹਿਲਾਂ ਹੀ ਵਿਜੀਲੈਂਸ ਬਿਊਰੋ ਜਲੰਧਰ ਕੋਲ ਚੱਲ ਰਹੀ ਹੈ।
4. CCTV ਫੁਟੇਜ: ਇੱਕ-ਇੱਕ ਮਿੰਟ ਦਾ ਹਿਸਾਬ
ਮੁਲਜ਼ਮਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਤੀਜੀ ਅੱਖ (CCTV) ਸਭ ਦੇਖ ਰਹੀ ਹੈ। ਜਾਂਚ ਅਧਿਕਾਰੀ ਰਣਧੀਰ ਸਿੰਘ (EO) ਵੱਲੋਂ ਪੇਸ਼ ਕੀਤੀ ਗਈ ਟਾਈਮਲਾਈਨ ਇਸ ਤਰ੍ਹਾਂ ਹੈ:
- 01:39 PM: ਮੌਜੂਦਾ ਪ੍ਰਧਾਨ ਨਵਨੀਤ ਐਰੀ ਕਮਰਾ ਨੰਬਰ 9 ਵਿੱਚ ਦਾਖਲ ਹੋਏ।
- 01:45 PM: ਕਲਰਕ ਅਸ਼ੋਕ ਕੁਮਾਰ ਰਿਕਾਰਡ ਰੂਮ (ਕਮਰਾ ਨੰਬਰ 15) ਵਿੱਚ ਗਿਆ ਅਤੇ ਅਲਮਾਰੀ ਵਿੱਚੋਂ 2 ਮੋਟੇ ਰਜਿਸਟਰ ਕੱਢੇ।
- 01:48 PM: ਰਜਿਸਟਰ ਲੈ ਕੇ ਅਸ਼ੋਕ ਕੁਮਾਰ ਸਿੱਧਾ ਕਮਰਾ ਨੰਬਰ 9 (ਜਿੱਥੇ ਦੋਵੇਂ ਪ੍ਰਧਾਨ ਬੈਠੇ ਸਨ) ਵਿੱਚ ਦਾਖਲ ਹੋਇਆ।
- 01:51 PM – 01:57 PM: ਇਸ ਦੌਰਾਨ ਕਮਰੇ ਵਿੱਚ ਹਲਚਲ ਰਹੀ, ਕਲਰਕ ਅੰਦਰ-ਬਾਹਰ ਹੋਇਆ (ਸ਼ਾਇਦ ਪਕੌੜਿਆਂ ਵਾਲੀ ਘਟਨਾ ਇਸੇ ਦੌਰਾਨ ਹੋਈ)।
- 02:00 PM: ਕੰਮ ਹੋਣ ਤੋਂ ਬਾਅਦ ਰਜਿਸਟਰ ਵਾਪਸ ਰਿਕਾਰਡ ਰੂਮ ਵਿੱਚ ਰੱਖ ਦਿੱਤੇ ਗਏ।
- 02:21 PM: “ਮਿਸ਼ਨ” ਪੂਰਾ ਕਰਨ ਤੋਂ ਬਾਅਦ ਮੌਜੂਦਾ ਪ੍ਰਧਾਨ ਨਵਨੀਤ ਐਰੀ ਅਤੇ ਸਾਬਕਾ ਪ੍ਰਧਾਨ ਆਦਿਤਯ ਭਟਾਰਾ ਇੱਕ ਗ੍ਰੇ ਰੰਗ ਦੀ ਇਨੋਵਾ ਕਾਰ ਵਿੱਚ ਬੈਠ ਕੇ ਰਫੂਚੱਕਰ ਹੋ ਗਏ।
5. ਕਾਨੂੰਨੀ ਸ਼ਿਕੰਜਾ ਅਤੇ ਧਾਰਾਵਾਂ
ਐਸ.ਐਸ.ਪੀ. ਜਲੰਧਰ (ਦਿਹਾਤੀ) ਦੇ ਹੁਕਮਾਂ ਤੋਂ ਬਾਅਦ ਥਾਣਾ ਸਿਟੀ ਨਕੋਦਰ ਵਿਖੇ ਭਾਰਤੀ ਨਿਆਂ ਸੰਹਿਤਾ (BNS 2023) ਦੀਆਂ ਹੇਠ ਲਿਖੀਆਂ ਧਾਰਾਵਾਂ ਲਗਾਈਆਂ ਗਈਆਂ ਹਨ:
- ਧਾਰਾ 318(4): ਧੋਖਾਧੜੀ ਅਤੇ ਬੇਈਮਾਨੀ।
- ਧਾਰਾ 336(2) & 336(3): ਜਾਅਲਸਾਜ਼ੀ (Forgery) ਕਰਨਾ।
- ਧਾਰਾ 337: ਜਾਅਲੀ ਦਸਤਾਵੇਜ਼ ਨੂੰ ਅਸਲੀ ਵਜੋਂ ਵਰਤਣਾ।
- ਧਾਰਾ 3(5): ਸਾਂਝੀ ਮਨਸ਼ਾ (ਜਦੋਂ ਕਈ ਲੋਕ ਮਿਲ ਕੇ ਜੁਰਮ ਕਰਨ)।
ਖਾਕੀ ਦਾ ਖੇਡ: ਮੀਡੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼?
ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਥਾਣਾ ਸਿਟੀ ਨਕੋਦਰ ਦਾ ਰਵੱਈਆ ਰਿਹਾ ਹੈ। ਜਦੋਂ ਵੀ ਬੀਤੇ ਦਿਨਾਂ ਵਿੱਚ ਮੀਡੀਆ ਕਰਮੀਆਂ ਨੇ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅੱਗੋਂ ਜਵਾਬ ਹੈਰਾਨ ਕਰਨ ਵਾਲੇ ਸਨ:
- ਝੂਠ ਤੇ ਝੂਠ: ਪੁਲਿਸ ਵੱਲੋਂ ਲਗਾਤਾਰ ਮੀਡੀਆ ਨੂੰ ਗੁੰਮਰਾਹ ਕੀਤਾ ਗਿਆ। ਕਦੇ ਅਧਿਕਾਰੀਆਂ ਨੇ ਕਿਹਾ ਕਿ “ਇਹ ਸਿਰਫ ਇੱਕ ਅਫਵਾਹ ਹੈ,” ਕਦੇ ਕਿਹਾ “ਕੋਈ FIR ਦਰਜ ਨਹੀਂ ਹੋਈ,” ਅਤੇ ਕਦੇ ਗੋਲ-ਮੋਲ ਜਵਾਬ ਦੇ ਕੇ ਗੱਲ ਟਾਲ ਦਿੱਤੀ ਗਈ।
- ਸ਼ੱਕ ਦੀ ਸੂਈ: ਆਖਿਰ ਪੁਲਿਸ ਇੰਨੀ ਵੱਡੀ ਕਾਰਵਾਈ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਸੀ? ਇਸਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੋਇਆ, ਪਰ ਸ਼ਹਿਰ ਵਿੱਚ ਚਰਚਾ ਦਾ ਬਾਜ਼ਾਰ ਗਰਮ ਹੈ। ਲੋਕਾਂ ਵਿੱਚ ਸ਼ੰਕਾ ਹੈ ਕਿ ਇਸ ਲੁਕਣ-ਮੀਚੀ ਦੇ ਪਿੱਛੇ ਮੁਲਜ਼ਮਾਂ ਦਾ “ਸਿਆਸੀ ਰਸੂਖ” (Political Influence) ਹੋ ਸਕਦਾ ਹੈ, ਜਿਸਦੇ ਦਬਾਅ ਹੇਠ ਪੁਲਿਸ ਸੱਚ ਦੱਸਣ ਤੋਂ ਕਤਰਾ ਰਹੀ ਸੀ। ਜਾਂ ਫਿਰ ਕੀ ਇਸ ਚੁੱਪ ਦੇ ਪਿੱਛੇ ਕੋਈ “ਨਿੱਜੀ ਲਾਭ” (Personal Gain) ਜਾਂ ਸੈਟਿੰਗ ਦੀ ਖੇਡ ਸੀ? ਇਹ ਜਾਂਚ ਦਾ ਵਿਸ਼ਾ ਹੈ।
ਖੁਫੀਆ ਖਬਰ: ਹਾਈ ਕੋਰਟ ਦੇ ਚੱਕਰ ‘ਚ ਮੁਲਜ਼ਮ?
ਭਰੋਸੇਮੰਦ ਸੂਤਰਾਂ ਦੇ ਹਵਾਲੇ ਤੋਂ ਵੱਡਾ ਖੁਲਾਸਾ: ਜਿਵੇਂ ਹੀ 18 ਨਵੰਬਰ ਨੂੰ FIR ਦਰਜ ਹੋਣ ਦੀ ਭਿਣਕ ਲੱਗੀ, ਨਕੋਦਰ ਦੇ ਇਹ ਤਿੰਨੇ “VIP” ਮੁਲਜ਼ਮ-ਨਵਨੀਤ ਐਰੀ, ਆਦਿਤਯ ਭਟਾਰਾ ਅਤੇ ਕਲਰਕ ਅਸ਼ੋਕ ਕੁਮਾਰ-ਰਾਤੋ-ਰਾਤ ਸ਼ਹਿਰ ਤੋਂ ਬਾਹਰ ਦੱਸੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਉਨ੍ਹਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਹਨ ਅਤੇ ਉਹ ਇਸ ਵੇਲੇ ਚੰਡੀਗੜ੍ਹ ਜਾਂ ਇਸਦੇ ਆਸ-ਪਾਸ ਕਿਤੇ ਗਏ ਹੋਏ ਹਨ। ਖਬਰ ਹੈ ਕਿ ਉਹ ਮਹਿੰਗੇ ਵਕੀਲਾਂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ (Anticipatory Bail) ਲਗਵਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ ਤਾਂ ਜੋ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਿਆ ਜਾ ਸਕੇ। ਉੱਧਰ ਪੁਲਿਸ ਪਾਰਟੀਆਂ ਆਪਣੀ ਕਾਰਵਾਈ ਵਿੱਚ ਲੱਗੀ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਨਕੋਦਰ ਪੁਲਿਸ ਇਨ੍ਹਾਂ ‘ਸਫੈਦਪੋਸ਼’ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਡੱਕਦੀ ਹੈ ਜਾਂ ਫਿਰ ਇਹ “ਸਿਆਸੀ ਪਹੁੰਚ” ਸਦਕਾ ਜ਼ਮਾਨਤ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ। ਖਬਰ ‘ਤੇ ਸਾਡੀ ਨਜ਼ਰ ਬਣੀ ਹੋਈ ਹੈ।
