ਜਲੰਧਰ: ਜਲੰਧਰ ਸ਼ਹਿਰ ਦੀਆਂ ਸੜਕਾਂ ਦੀ ਮੌਜੂਦਾ ਹਾਲਤ ਪ੍ਰਸ਼ਾਸਨ ਦੇ ਦਾਅਵਿਆਂ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਰਹੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸ਼ਹਿਰ ਦੇ ਪੌਸ਼ ਇਲਾਕਿਆਂ ਵਿੱਚੋਂ ਲੰਘਦੀ ਮਹਾਂਵੀਰ ਮਾਰਗ (ਸ੍ਰੀ ਗੁਰੂ ਰਵਿਦਾਸ ਚੌਕ ਤੋਂ ਮੇਨਬਰੋ ਚੌਕ ਤੱਕ) ਪਿਛਲੇ ਇੱਕ ਸਾਲ ਤੋਂ ਵਾਹਨ ਚਾਲਕਾਂ ਲਈ ਮੁਸੀਬਤ ਦਾ ਸਬੱਬ ਬਣੀ ਹੋਈ ਹੈ।
ਬਿਨਾਂ ਪਲਾਨਿੰਗ ਤੋਂ ਪੁੱਟੀ ਗਈ ਸੜਕ:
ਨਗਰ ਨਿਗਮ ਦੀ ਪ੍ਰਵਾਨਗੀ ਨਾਲ ‘ਸਮਾਰਟ ਸਿਟੀ ਸਰਫੇਸ ਵਾਟਰ ਪ੍ਰੋਜੈਕਟ’ ਤਹਿਤ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ (ਨੋਡਲ ਏਜੰਸੀ) ਨੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਉਣ ਲਈ ਇਹ ਸੜਕਾਂ ਪੁੱਟੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨਾ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਮੈਪਿੰਗ ਕੀਤੀ ਗਈ ਅਤੇ ਨਾ ਹੀ ਮੌਕੇ ‘ਤੇ ਕੋਈ ਸੂਚਨਾ ਬੋਰਡ ਲਗਾਇਆ ਗਿਆ।
ਹਾਦਸਿਆਂ ਦਾ ਗੜ੍ਹ ਬਣੀ ਸੜਕ:
ਇਸ ਅਣਗਹਿਲੀ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਬਰਸਾਤਾਂ ਦੌਰਾਨ ਇੱਥੇ ਹਾਲਾਤ ਬਦਤਰ ਹੋ ਗਏ ਸਨ। ਪੁੱਟੀਆਂ ਸੜਕਾਂ ‘ਤੇ ਪਾਣੀ ਭਰਨ ਕਾਰਨ ਕਈ ਵਾਹਨ ਪਲਟ ਗਏ ਅਤੇ ਕਈ ਰਾਹਗੀਰਾਂ ਦੀ ਜਾਨ ਮੁਸ਼ਕਲ ਨਾਲ ਬਚੀ। ਸ਼ਹਿਰ ਦੀ ਇਸ ਦੁਰਦਸ਼ਾ ‘ਤੇ ਜਦੋਂ ਹਾਹਾਕਾਰ ਮੱਚੀ ਤਾਂ ਨਗਰ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ।
ਡੈੱਡਲਾਈਨਾਂ ਫੇਲ੍ਹ, ਹੁਣ ਠੰਢ ਦਾ ਬਹਾਨਾ:
ਪ੍ਰਸ਼ਾਸਨ ਨੇ ਸੜਕਾਂ ਦਾ ਕੰਮ ਪੂਰਾ ਕਰਨ ਲਈ 30 ਅਕਤੂਬਰ ਦੀ ਡੈੱਡਲਾਈਨ ਨਿਰਧਾਰਤ ਕੀਤੀ ਸੀ, ਪਰ ਇਹ ਡੈੱਡਲਾਈਨ ਦੋ ਵਾਰ ਫੇਲ੍ਹ ਹੋ ਚੁੱਕੀ ਹੈ। ਮੌਜੂਦਾ ਸਥਿਤੀ ਇਹ ਹੈ ਕਿ ਸੜਕਾਂ ਦੇ ਨਿਰਮਾਣ (ਲੁੱਕ ਪਾਉਣ) ਦੀ ਗੱਲ ਤਾਂ ਦੂਰ, ਹਾਲੇ ਤੱਕ ਮਿੱਟੀ ਦੱਬਣ (ਕੰਪੈਕਸ਼ਨ) ਦਾ ਕੰਮ ਵੀ ਪੂਰਾ ਨਹੀਂ ਹੋ ਸਕਿਆ। ਹੁਣ ਅਧਿਕਾਰੀਆਂ ਵੱਲੋਂ ਡਿੱਗਦੇ ਤਾਪਮਾਨ ਅਤੇ ਠੰਢ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਅਸਲੀਅਤ ਇਹ ਹੈ ਕਿ ਤਾਪਮਾਨ ਘੱਟ ਹੋਣ ਕਾਰਨ ਲੁੱਕ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਸਕਦਾ, ਜਿਸ ਕਾਰਨ ਹੁਣ ਇਹ ਦੋਵੇਂ ਮੁੱਖ ਸੜਕਾਂ ਮਾਰਚ 2026 ਤੋਂ ਬਾਅਦ ਹੀ ਪੂਰੀਆਂ ਹੋਣ ਦੀ ਸੰਭਾਵਨਾ ਹੈ। ਤਦ ਤੱਕ ਸ਼ਹਿਰ ਵਾਸੀਆਂ ਨੂੰ ਧੂੜ ਅਤੇ ਟੁੱਟੀਆਂ ਸੜਕਾਂ ਦੇ ਝਟਕੇ ਸਹਿਣੇ ਪੈਣਗੇ।
