ਨਕੋਦਰ: ਆਗਾਮੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਨਕੋਦਰ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਦੀਆਂ ਚੋਣ ਮੀਟਿੰਗਾਂ ਵਿੱਚ ਹੋਏ ਭਰਵੇਂ ਇਕੱਠ ਨੇ ਪਾਰਟੀ ਦੇ ਉਤਸ਼ਾਹ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ। ‘ਆਪ’ ਵਿਧਾਇਕਾ ਨੇ ਚੋਣ ਪ੍ਰਚਾਰ ਦੌਰਾਨ ਰਵਾਇਤੀ ਪਾਰਟੀਆਂ (ਕਾਂਗਰਸ, ਅਕਾਲੀ ਦਲ, ਬਸਪਾ, ਭਾਜਪਾ) ‘ਤੇ ਤਿੱਖੇ ਹਮਲੇ ਕੀਤੇ ਹਨ।
ਨਵੇਂ ਚਿਹਰਿਆਂ ਦੀ ਨੀਤੀ ਅਤੇ ਵਿਰੋਧੀ ਈਰਖਾ:
ਵਿਧਾਇਕਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਾਰ ਵੋਟਰ ਵੱਡੇ ਮਾਰਜਨ ਨਾਲ ‘ਆਪ’ ਨੂੰ ਜਿਤਾਉਣਗੇ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਵਿੱਚ ਨਵੇਂ ਚਿਹਰੇ ਚੁਣੇ ਜਾਣਗੇ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਕੋਲ ਉਹੀ ਪੁਰਾਣੇ ਚਿਹਰੇ ਅਤੇ ਉਹੀ ਪ੍ਰਧਾਨ ਮੁੜ-ਮੁੜ ਤਾਕਤ ਵਿੱਚ ਆ ਰਹੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਨੌਜਵਾਨਾਂ ਨੂੰ ਸਿਆਸਤ ਵਿੱਚ ਉਤਾਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੀ ਇਸ ਨੀਤੀ ਨੂੰ ਲੈ ਕੇ ਰਵਾਇਤੀ ਪਾਰਟੀਆਂ ਦੇ ਆਗੂਆਂ ਵਿੱਚ ਈਰਖਾ ਨਜ਼ਰ ਆ ਰਹੀ ਹੈ, ਜੋ ਲੋਕਤੰਤਰ ਦੇ ਹੱਕ ਵਿੱਚ ਨਹੀਂ ਹੈ।
ਵਿਰੋਧੀ ਧਿਰਾਂ ‘ਤੇ ਵੱਡਾ ਇਲਜ਼ਾਮ:
ਵਿਧਾਇਕਾ ਨੇ ਕਾਂਗਰਸ ਦੀ ‘ਰਜਵਾੜਾਸ਼ਾਹੀ’ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਆਮ ਲੋਕਾਂ ਦੀ ਵੋਟ ਵਟੋਰਨ ਤੋਂ ਸਿਵਾਏ ਉਨ੍ਹਾਂ ਦੀ ਗੱਲ ਤੱਕ ਨਹੀਂ ਕਰਦੇ। ਦਲਿਤਾਂ ਦੀਆਂ ਵੋਟਾਂ ਲੈਣ ਲਈ ਤਾਂ ਆਉਂਦੇ ਹਨ, ਪਰ ਉਨ੍ਹਾਂ ਨੂੰ ਅਸਲੀ ਮਾਣ-ਸਤਿਕਾਰ ਨਹੀਂ ਦਿੰਦੇ। ਉਨ੍ਹਾਂ ਪੁੱਛਿਆ ਕਿ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਦਲਿਤ ਆਗੂ ਕਹਾਉਂਦੇ ਹਨ, ਪਰ ਜ਼ਿਲ੍ਹੇ ਵਿੱਚ ਕਿੰਨੇ ਕੁ ਦਲਿਤ ਯੂਨਿਟ ਪ੍ਰਧਾਨ ਜਾਂ ਬਲਾਕ ਪ੍ਰਧਾਨ ਲਗਾਏ? ਸਭ ਕੁਝ ਉਨ੍ਹਾਂ ਤੱਕ ਸੀਮਤ ਹੈ।
‘ਪੰਜਾ ਤੇ ਮੰਜਾ’ ਹੋਏ ਇਕੱਠੇ:
ਉਨ੍ਹਾਂ ਨੇ ਸਭ ਤੋਂ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ:
“ਇਸ ਵਾਰ ਤਾਂ ਇੰਨੀ ਹੈਰਾਨੀ ਵਾਲੀ ਗੱਲ ਹੋ ਗਈ ਹੈ ਕਿ ਕਾਂਗਰਸ, ਬਸਪਾ, ਅਕਾਲੀ ਅਤੇ ਬੀਜੇਪੀ ਸਾਰੇ ਇਕੱਠੇ ਹੋ ਗਏ ਉਹ ਵੀ ਸਿਰਫ਼ ਆਮ ਆਦਮੀ ਪਾਰਟੀ ਖਿਲਾਫ।”
ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਹੋ ਗਿਆ ਹੈ ਕਿ ਇਹ ਪਾਰਟੀਆਂ ਆਮ ਘਰਾਂ ਦੇ ਮੁੰਡਿਆਂ ਨੂੰ ਰਾਜਨੀਤੀ ਵਿੱਚ ਨਹੀਂ ਦੇਖਣਾ ਚਾਹੁੰਦੀਆਂ। “ਪੰਜਾ ਤੇ ਮੰਜਾ ਇਕੱਠੇ ਪੋਸਟਰ ਛਪਣ” ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਅੰਦਰੋਂ ਇਕਜੁੱਟ ਹਨ। ਵਿਧਾਇਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ‘ਤੇ ਕਾਬਜ਼ ਲੋਕਾਂ ਨੂੰ ਇਸ ਵਾਰ ਕਰਾਰੀ ਹਾਰ ਦੇ ਕੇ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦੇਣ, ਤਾਂ ਜੋ ਲੋਕ ਸੇਵਾ ਦਾ ਰੰਗ ਢੰਗ ਬਦਲ ਸਕੇ।
