ਜਲੰਧਰ: ਜਲੰਧਰ ਦੇ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਵੀਰਵਾਰ ਨੂੰ ਸਰਵਰ ਠੱਪ ਰਹਿਣ ਕਾਰਨ ਰਜਿਸਟਰੀਆਂ ਅਤੇ ਹੋਰ ਦਸਤਾਵੇਜ਼ ਦਰਜ ਕਰਵਾਉਣ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਹੀ ਸਰਵਰ ਦੀ ਸਮੱਸਿਆ ਕਾਰਨ ਆਨਲਾਈਨ ਪ੍ਰਕਿਰਿਆ ਪ੍ਰਭਾਵਿਤ ਰਹੀ, ਜਿਸ ਕਾਰਨ ਦਫ਼ਤਰਾਂ ਵਿੱਚ ਕੰਮ ਕਰਵਾਉਣ ਲਈ ਪਹੁੰਚੇ ਲੋਕਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਮੁਤਾਬਕ ਦੁਪਹਿਰ ਕਰੀਬ ਸਵਾ 2 ਵਜੇ ਸਰਵਰ ਮੁੜ ਚਾਲੂ ਹੋਣ ਤੋਂ ਬਾਅਦ ਰਜਿਸਟਰੀਆਂ ਅਤੇ ਦਸਤਾਵੇਜ਼ ਦਰਜ ਕਰਨ ਦੇ ਕੰਮ ਨੇ ਰਫ਼ਤਾਰ ਫੜੀ। ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਲੋਕਾਂ ਦੇ ਕੰਮ ਇਸ ਤੋਂ ਬਾਅਦ ਤੇਜ਼ੀ ਨਾਲ ਨਿਪਟਾਏ ਗਏ। ਸਰਵਰ ਚੱਲਦੇ ਹੀ ਦਫ਼ਤਰਾਂ ਵਿੱਚ ਦਸਤਾਵੇਜ਼ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਲੰਬਿਤ ਕੰਮ ਨੂੰ ਪੂਰਾ ਕਰਨ ਦਾ ਸਿਲਸਿਲਾ ਚੱਲ ਪਿਆ।
ਸਵੇਰ ਤੋਂ ਸਰਵਰ ਬੰਦ, ਦਫ਼ਤਰਾਂ ’ਚ ਬੈਠੇ ਰਹੇ ਲੋਕ
ਸਰਵਰ ਬੰਦ ਹੋਣ ਕਾਰਨ ਰਜਿਸਟਰੀ ਕਰਵਾਉਣ ਪਹੁੰਚੇ ਲੋਕਾਂ ਦੇ ਨਾਲ-ਨਾਲ ਦਸਤਾਵੇਜ਼ ਤਿਆਰ ਕਰਵਾਉਣ ਵਾਲੇ ਪੱਖਕਾਰ, ਵਸੀਕਾ ਨਵੀਸ ਅਤੇ ਹੋਰ ਸਬੰਧਤ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦਾ ਕਹਿਣਾ ਸੀ ਕਿ ਰਜਿਸਟਰੀ ਲਈ ਪਹਿਲਾਂ ਤੋਂ ਸਮਾਂ ਲੈ ਕੇ ਤੇ ਹੋਰ ਦਸਤਾਵੇਜ਼ ਤਿਆਰ ਕਰਕੇ ਦਫ਼ਤਰ ਪਹੁੰਚਣਾ ਪੈਂਦਾ ਹੈ ਪਰ ਤਕਨੀਕੀ ਖ਼ਰਾਬੀ ਕਾਰਨ ਸਾਰਾ ਸ਼ਡਿਊਲ ਪ੍ਰਭਾਵਿਤ ਹੋ ਜਾਂਦਾ ਹੈ। ਕਈ ਲੋਕ ਸਰਵਰ ਚੱਲਣ ਦੀ ਉਡੀਕ ਕਰਦੇ ਰਹੇ, ਜਦਕਿ ਕੁਝ ਲੋਕਾਂ ਨੂੰ ਕੰਮ ’ਚ ਦੇਰੀ ਕਾਰਨ ਲੰਬੇ ਸਮੇਂ ਤੱਕ ਦਫ਼ਤਰ ਵਿੱਚ ਰੁਕਣਾ ਪਿਆ। ਲੋਕਾਂ ਨੇ ਸਵਾਲ ਚੁੱਕਿਆ ਕਿ ਜਦੋਂ ਰਜਿਸਟਰੀ ਵਰਗੇ ਮਹੱਤਵਪੂਰਨ ਸਰਕਾਰੀ ਕੰਮ ਪੂਰੀ ਤਰ੍ਹਾਂ ਆਨਲਾਈਨ ਸਿਸਟਮ ’ਤੇ ਨਿਰਭਰ ਹਨ ਤਾਂ ਸਰਵਰ ਡਾਊਨ ਹੋਣ ਦੀ ਸਥਿਤੀ ’ਚ ਵਿਭਾਗ ਵੱਲੋਂ ਕੋਈ ਬਦਲਵੀਂ ਵਿਵਸਥਾ ਕਿਉਂ ਨਹੀਂ ਹੈ?
ਐੱਸਆਰ-1 ’ਚ 76 ਤੇ ਐੱਸਆਰ-2 ’ਚ 62 ਦਸਤਾਵੇਜ਼ ਦਰਜ
ਸਰਵਰ ਦੀ ਸਮੱਸਿਆ ਦੇ ਬਾਵਜੂਦ ਦਿਨ ਦੌਰਾਨ ਸਬ-ਰਜਿਸਟਰਾਰ ਦਫ਼ਤਰ ਨੰਬਰ-1 ਵਿੱਚ 76 ਦਸਤਾਵੇਜ਼, ਜਦਕਿ ਸਬ-ਰਜਿਸਟਰਾਰ ਦਫ਼ਤਰ ਨੰਬਰ-2 ਵਿੱਚ 62 ਦਸਤਾਵੇਜ਼ ਦਰਜ ਕੀਤੇ ਗਏ। ਇਸ ਤਰ੍ਹਾਂ ਦੋਵੇਂ ਦਫ਼ਤਰਾਂ ਵਿੱਚ ਕੁੱਲ 138 ਦਸਤਾਵੇਜ਼ ਦਰਜ ਹੋਏ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਸਰਵਰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇ ਤਾਂ ਪਹਿਲਾਂ ਤੋਂ ਸਮਾਂ ਲੈ ਕੇ ਪਹੁੰਚੇ ਲੋਕਾਂ ਦੇ ਕੰਮ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਕੀ ਸਰਵਰ ਦੀ ਤਕਨੀਕੀ ਸਮੱਸਿਆ ਕਾਰਨ ਵਾਰ-ਵਾਰ ਲੋਕਾਂ ਨੂੰ ਇਸੇ ਤਰ੍ਹਾਂ ਘੰਟਿਆਂ ਇੰਤਜ਼ਾਰ ਕਰਨਾ ਪਵੇਗਾ?
ਸੰਪਾਦਕੀ ਟਿੱਪਣੀ: ਡਿਜੀਟਲਾਈਜ਼ੇਸ਼ਨ ਦੇ ਇਸ ਦੌਰ ਵਿੱਚ ਜਦੋਂ ਸਰਕਾਰੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਪ੍ਰਣਾਲੀ ਨਾਲ ਜੋੜਿਆ ਜਾ ਰਿਹਾ ਹੈ, ਤਾਂ ਅਜਿਹੇ ਵਿੱਚ ਸਰਵਰ ਦਾ ਬਾਰ-ਬਾਰ ਠੱਪ ਹੋਣਾ ਪ੍ਰਸ਼ਾਸਨਿਕ ਤਿਆਰੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਪਹਿਲਾਂ ਤੋਂ ਅਪਾਇੰਟਮੈਂਟ ਲੈ ਕੇ ਆਉਂਦੇ ਆਮ ਲੋਕਾਂ, ਵਸੀਕਾ ਨਵੀਸਾਂ ਅਤੇ ਧਿਰਾਂ ਦਾ ਕੀਮਤੀ ਸਮਾਂ ਖਰਾਬ ਹੋਣਾ ਚਿੰਤਾਜਨਕ ਹੈ। ਜਦੋਂ ਸਾਰਾ ਕੰਮਕਾਜ ਆਨਲਾਈਨ ਨਿਰਭਰ ਹੈ, ਤਾਂ ਵਿਭਾਗ ਨੂੰ ਕਿਸੇ ਵੀ ਤਕਨੀਕੀ ਖਰਾਬੀ ਨਾਲ ਨਜਿੱਠਣ ਲਈ ਪੁਖ਼ਤਾ ਬੈਕਅੱਪ ਜਾਂ ਬਦਲਵੀਂ ਵਿਵਸਥਾ ਲਾਜ਼ਮੀ ਤੌਰ ‘ਤੇ ਤਿਆਰ ਰੱਖਣੀ ਚਾਹੀਦੀ ਹੈ ਤਾਂ ਜੋ ਆਮ ਜਨਤਾ ਨੂੰ ਅਜਿਹੀਆਂ ਖੁਆਰੀਆਂ ਤੋਂ ਬਚਾਇਆ ਜਾ ਸਕੇ।
