ਨਕੋਦਰ: ਨਕੋਦਰ ਨਗਰ ਕੌਂਸਲ ਦੇ ਕਰਮਚਾਰੀਆਂ ਦੀ ‘ਦੋਹਰੀ ਰਾਸੂਖਦਾਰੀ’ ਦਾ ਪਰਦਾਫਾਸ਼ ਹੋਇਆ ਹੈ, ਜਿੱਥੇ ਉਹਨਾਂ ਨੇ ਬੀਤੇ ਦਿਨੀਂ ਟ੍ਰੈਫਿਕ ਜਾਮ ਦੇ ਬਹਾਨੇ ਗਰੀਬ ਰੇਹੜੀ-ਫੜ੍ਹੀ ਵਾਲਿਆਂ ‘ਤੇ ਕਾਰਵਾਈ ਕਰਦਿਆਂ, ਰਸੂਖਦਾਰਾਂ ਦੀਆਂ ਗੱਡੀਆਂ ਅਤੇ ਦੁਕਾਨਦਾਰਾਂ ਦੀਆਂ ਗਲਤ ਪਾਰਕਿੰਗਾਂ ਨੂੰ ਨਜ਼ਰਅੰਦਾਜ਼ ਕੀਤਾ। ਇਹ ਘਟਨਾ ਦੁਪਹਿਰ ਕਰੀਬ 1:30-2:00 ਵਜੇ ਦੀ ਹੈ ਜਦੋਂ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਚੌਕ ਤੋਂ ਕਮੇਟੀ ਘਰ ਤੱਕ ਦੇ ਰਸਤੇ ‘ਤੇ ਟ੍ਰੈਫਿਕ ਜਾਮ ਨੂੰ ਲੈ ਕੇ ਕਾਰਵਾਈ ਚੱਲ ਰਹੀ ਸੀ। ਨਗਰ ਕੌਂਸਲ ਦੇ ਛੇ ਕਰਮਚਾਰੀ, ਜਿਨ੍ਹਾਂ ਵਿੱਚ ਰਾਜੇਸ਼ ਟੋਨੀ, ਅਸ਼ੋਕ ਕੁਮਾਰ ਅਤੇ ਸਾਹਿਲ ਅਤੇ ਹੋਰ ਸ਼ਾਮਲ ਸਨ, ਵਿਸ਼ਵਕਰਮਾ ਮੰਦਿਰ ਦੇ ਸਾਹਮਣੇ ਲੱਗੀ ਇੱਕ ਸਬਜ਼ੀ ਅਤੇ ਫਲ ਦੀ ਰੇਹੜੀ ਵਾਲੇ ਨੂੰ ਜਗ੍ਹਾ ਖਾਲੀ ਕਰਨ ਲਈ ਕਹਿ ਰਹੇ ਸਨ ਅਤੇ ਉਸਦਾ ਸਮਾਨ ਜ਼ਬਤ ਕਰਨ ਦੀ ਧਮਕੀ ਦੇ ਰਹੇ ਸਨ। ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਜਦੋਂ ਕਰਮਚਾਰੀਆਂ ਤੋਂ ਇਸ ਕਾਰਵਾਈ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਰਕੇ ਟ੍ਰੈਫਿਕ ਜਾਮ ਹੁੰਦਾ ਹੈ। ਹੈਰਾਨੀ ਦੀ ਗੱਲ ਇਹ ਸੀ ਕਿ ਰੇਹੜੀ ਵਾਲਾ ਪੂਰੀ ਤਰ੍ਹਾਂ ਕੰਧ ਦੇ ਨਾਲ ਲੱਗ ਕੇ ਖੜ੍ਹਾ ਸੀ ਅਤੇ ਰਸਤੇ ‘ਤੇ ਲੱਗੇ ਬਿਜਲੀ ਦੇ ਖੰਭਿਆਂ ਤੋਂ ਵੀ ਪਿੱਛੇ ਸੀ।

ਕਾਰਾਂ ਨੂੰ ਛੱਡ ਕੇ ਰੇਹੜੀ ਵਾਲਿਆਂ ‘ਤੇ ਡੰਡਾ
ਜਦੋਂ ਕਰਮਚਾਰੀ ਆਪਣੀ ਕਾਰਵਾਈ ਕਰ ਰਹੇ ਸਨ, ਤਾਂ ਪੱਤਰਕਾਰ ਦੀ ਨਿਗਾਹ ਸੜਕ ਵਿਚਕਾਰ ਖੜ੍ਹੀ ਇੱਕ ਕਾਰ ‘ਤੇ ਪਈ, ਜਿਸਦਾ ਮਾਲਕ ਜੂਸ ਦੀ ਦੁਕਾਨ ਤੋਂ ਜੂਸ ਪੀਣ ਗਿਆ ਸੀ। ਇਸ ਕਾਰ ਕਾਰਨ ਵਾਹਨਾਂ ਨੂੰ ਲੰਘਣ ਵਿੱਚ ਮੁਸ਼ਕਿਲ ਹੋ ਰਹੀ ਸੀ। ਨਿਯਮਾਂ ਅਨੁਸਾਰ ਇਸ ਵਾਹਨ ਚਾਲਕ ਦਾ ਚਲਾਨ ਹੋਣਾ ਬਣਦਾ ਸੀ, ਪਰ ਨਗਰ ਕੌਂਸਲ ਦੇ “ਹੋਣਹਾਰ” ਅਤੇ “ਪੜ੍ਹੇ-ਲਿਖੇ” ਨੌਕਰੀ ‘ਤੇ ਬੋਝ ਵਾਲੇ ਕਰਮਚਾਰੀਆਂ ਨੇ ਉਸ ਵੱਲ ਦੇਖਿਆ ਤੱਕ ਨਹੀਂ ਅਤੇ ਗਰੀਬ ਰੇਹੜੀ ਵਾਲੇ ਦਾ ਸਮਾਨ ਖਿਲਾਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੂੰ ਕਾਰ ਨੂੰ ਹਟਾਉਣ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਦਾ “ਦੋਗਲਾਪਨ” ਸਾਹਮਣੇ ਆ ਗਿਆ। ਇੱਕ ਕਰਮਚਾਰੀ ਨੇ ਬੇਸ਼ਰਮੀ ਨਾਲ ਕਿਹਾ, “ਇਨ੍ਹਾਂ ਨੂੰ ਕੌਣ ਕਹੇ? ਸਾਡਾ ਜਿੱਥੇ ਜ਼ੋਰ ਚੱਲਦਾ, ਅਸੀਂ ਚਲਾ ਰਹੇ ਹਾਂ… ਸਾਨੂੰ ਰੇਹੜੀ ਵਾਲਿਆਂ ਨੂੰ ਹਟਾਉਣ ਲਈ ਕਿਹਾ ਹੈ, ਨਾ ਕਿ ਕਾਰਾਂ-ਗੱਡੀਆਂ ਨੂੰ!“
ਟ੍ਰੈਫਿਕ ਜਾਮ ਦਾ ਅਸਲ ਕਾਰਨ ਨਜ਼ਰਅੰਦਾਜ਼
ਇਨ੍ਹਾਂ ਕਰਮਚਾਰੀਆਂ ਦੀ ਬੇਸ਼ਰਮੀ ਦੀ ਹੱਦ ਉਦੋਂ ਹੋਰ ਵੱਧ ਗਈ ਜਦੋਂ ਬਿਲਕੁਲ ਚੌਂਕ ਦੇ ਕੋਲ ਕ੍ਰਿਸ਼ਨਾ ਬੇਕਰਸ ਅਤੇ ਨਾਰੰਗ ਢਾਬੇ ਦੇ ਸਾਹਮਣੇ, ਜਿੱਥੇ ਸਿਰਫ 8 ਫੁੱਟ ਸੜਕ ਛੱਡ ਕੇ ਬਾਕੀ ਵਾਹਨਾਂ ਨੇ ਰੋਡ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਸੀ ਅਤੇ ਟ੍ਰੈਫਿਕ ਜਾਮ ਹੋ ਰਿਹਾ ਸੀ, ਉੱਥੇ ਕਾਰਵਾਈ ਕਰਨ ਦੀ ਬਜਾਏ, ਉਹ ਟ੍ਰੈਫਿਕ ਜਾਮ ਤੋਂ ਕਾਫੀ ਦੂਰ ਕੰਧ ਨਾਲ ਲੱਗ ਕੇ ਖੜ੍ਹੇ ਗੋਲਗੱਪੇ ਵਾਲੇ ਨੂੰ ਡਰਾਉਣ-ਧਮਕਾਉਣ ਲੱਗ ਗਏ ਕਿ “ਤੂੰ ਟ੍ਰੈਫਿਕ ਜਾਮ ਕਰਵਾਇਆ ਹੈ!” ਜਦੋਂ ਦੇਖਣ ਵਾਲਿਆਂ ਨੇ ਇਤਰਾਜ਼ ਕੀਤਾ ਕਿ “ਭਾਈ ਇਹ ਤਾਂ ਵਿਚਾਰਾ ਪਿੱਛੇ ਖੜ੍ਹਾ ਹੈ,” ਤਾਂ ਕਰਮਚਾਰੀਆਂ ਨੇ ਝੂਠਾ ਰੋਹਬ ਜਮਾਉਂਦੇ ਹੋਏ ਅਤੇ ਆਪਣੀ ਨੌਕਰੀ ਦੀ ਧੌਂਸ ਦਿਖਾਉਂਦੇ ਹੋਏ, ਉਸਦੀਆਂ ਸਟੀਲ ਦੀਆਂ ਕਟੋਰੀਆਂ ਚੁੱਕ ਕੇ ਲੈ ਗਏ।
ਅਸਲੀ ਚਿਹਰਾ
ਇਹ ਹੈ ਨਕੋਦਰ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਅਸਲੀ ਚਿਹਰਾ। ਦਿਨ ਵੇਲੇ ਤਾਂ ਉਹ ਗਰੀਬਾਂ ਨੂੰ ਡਰਾਉਣਗੇ, ਭਜਾਉਣਗੇ… ਪਰ ਸ਼ਾਮ ਨੂੰ ਉਨ੍ਹਾਂ ਰੇਹੜੀ ਵਾਲਿਆਂ ਤੋਂ ਹੀ ਮੁਫਤ ਵਿੱਚ ਕਿੱਲੋਆਂ ਦੇ ਹਿਸਾਬ ਨਾਲ ਸਬਜ਼ੀਆਂ, ਫਲ ਆਦਿ ਲੈ ਕੇ ਜਾਣਗੇ। ਅਜਿਹੇ “ਦੋਗਲੇ” ਅਤੇ “ਨੌਕਰੀ ‘ਤੇ ਬੋਝ” ਵਾਲੇ ਕਰਮਚਾਰੀਆਂ ਨੂੰ ਨਗਰ ਕੌਂਸਲ ਵਿੱਚ ਤਨਖਾਹ ‘ਤੇ ਰੱਖਿਆ ਗਿਆ ਹੈ, ਅਤੇ ਬਦਕਿਸਮਤੀ ਇਹ ਹੈ ਕਿ ਨਗਰ ਕੌਂਸਲ ਪ੍ਰਧਾਨ ਜਾਂ ਉੱਚ ਅਧਿਕਾਰੀ ਇਨ੍ਹਾਂ ਦਾ ਕੁਝ ਨਹੀਂ ਕਰ ਸਕਦੇ, ਕਿਉਂਕਿ ਸ਼ਾਇਦ ਉਹ ਵੀ ਇਨ੍ਹਾਂ ਅੱਗੇ ਕਿਸੇ ਕਾਰਨ ‘ਕਾਣੇ’ ਹਨ।