ਲੁਧਿਆਣਾ: ਸ਼ੁੱਕਰਵਾਰ ਸ਼ਾਮ ਨੂੰ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰ ਗਈ। ਇੱਕ 5ਵੀਂ ਜਮਾਤ ਦਾ ਮਾਸੂਮ ਵਿਦਿਆਰਥੀ, ਜੋ ਕਿ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਜਾ ਰਿਹਾ ਸੀ, ਪੈਰ ਤਿਲਕਣ ਕਾਰਨ ਬਦਨਾਮ ਬੁੱਢੇ ਨਾਲੇ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁੱਝ ਸਮੇਂ ਤੱਕ ਬੱਚਾ ਖੁਦ ਨੂੰ ਬਚਾਉਣ ਲਈ ਹੱਥ-ਪੈਰ ਮਾਰਦਾ ਰਿਹਾ, ਪਰ ਨਾਲੇ ਵਿੱਚ ਏਨਾ ਜ਼ਿਆਦਾ ਪ੍ਰਦੂਸ਼ਣ ਸੀ ਕਿ ਉਹ ਆਪਣੀ ਜਾਨ ਨਹੀਂ ਬਚਾ ਸਕਿਆ ਅਤੇ ਪਾਣੀ ਵਿੱਚ ਗਾਇਬ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਅਤੇ ਗੋਤਾਖੋਰ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਨਾਲੇ ਵਿੱਚੋਂ ਬੱਚੇ ਨੂੰ ਲੱਭਣ ਲਈ ਕਰੇਨ ਦੀ ਵੀ ਮਦਦ ਲਈ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕੁੰਦਨਪੁਰੀ ਇਲਾਕੇ ਦਾ ਰਹਿਣ ਵਾਲਾ 5ਵੀਂ ਜਮਾਤ ਦਾ ਵਿਦਿਆਰਥੀ ਆਸ਼ਿਕ ਅਨਸਾਰੀ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਪਿਤਾ ਦੇ ਕਹਿਣ ‘ਤੇ ਕਰਿਆਨੇ ਦੀ ਦੁਕਾਨ ‘ਤੇ ਸਾਮਾਨ ਖਰੀਦਣ ਲਈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਗੰਦੇ ਨਾਲੇ ਦੇ ਨੇੜੇ ਕੁਝ ਕੰਮ ਚੱਲ ਰਿਹਾ ਸੀ ਅਤੇ ਜਿਵੇਂ ਹੀ ਉਹ ਨਾਲੇ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਸਦਾ ਪੈਰ ਤਿਲਕ ਗਿਆ।
ਸੂਤਰਾਂ ਮੁਤਾਬਕ, ਬੱਚਾ ਸਿੱਧਾ ਨਾਲੇ ਵਿੱਚ ਜਾ ਡਿੱਗਾ। ਉਸਨੇ ਆਪਣੇ ਬਚਾਅ ਲਈ ਰੌਲਾ ਵੀ ਪਾਇਆ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਇੱਕ ਹੋਰ ਵਿਅਕਤੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਤੈਰਨਾ ਨਹੀਂ ਆਉਂਦਾ ਸੀ। ਪਾਣੀ ਦਾ ਤੇਜ਼ ਵਹਾਅ ਬੱਚੇ ਨੂੰ ਕਾਫੀ ਦੂਰ ਤੱਕ ਲੈ ਗਿਆ। ਨਾਲੇ ਵਿੱਚ ਗਾੜਾ ਪ੍ਰਦੂਸ਼ਣ ਹੋਣ ਕਾਰਨ, ਕੁੱਝ ਸਮੇਂ ਬਾਅਦ ਬੱਚਾ ਪਾਣੀ ਵਿੱਚ ਲਾਪਤਾ ਹੋ ਗਿਆ।
ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰ. 8 ਦੇ ਅਧੀਨ ਆਉਂਦੀ ਚੌਕੀ ਕੈਲਾਸ਼ ਦੀ ਪੁਲਿਸ ਪਾਰਟੀ ਅਤੇ ਗੋਤਾਖੋਰ ਤੁਰੰਤ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਤੁਰੰਤ ਗੋਤਾਖੋਰਾਂ ਅਤੇ ਕਰੇਨ ਦੀ ਮਦਦ ਨਾਲ ਬੱਚੇ ਨੂੰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਬੱਚੇ ਨੂੰ ਸੁਰੱਖਿਅਤ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ ਅਤੇ ਹਰ ਕੋਈ ਬੱਚੇ ਦੀ ਸੁਰੱਖਿਅਤ ਵਾਪਸੀ ਲਈ ਦੁਆ ਕਰ ਰਿਹਾ ਹੈ।