ਨਕੋਦਰ– ਜਲੰਧਰ ਦਿਹਾਤੀ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ‘ਤੇ ਸਖ਼ਤ ਕਾਰਵਾਈ ਕਰਦਿਆਂ, ਫਿਰੌਤੀ ਮੰਗਣ ਵਾਲੇ ਇੱਕ ਖ਼ਤਰਨਾਕ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਸ਼੍ਰੀ ਹਰਵਿੰਦਰ ਸਿੰਘ ਵਿਰਕ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹੀ ਨਤੀਜਾ ਹੈ, ਜਿਸ ਵਿੱਚ ਭਗੌੜੇ ਅਤੇ ਅਪਰਾਧੀਆਂ ਨੂੰ ਕਾਬੂ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਨਕੋਦਰ ਸ਼ਹਿਰ ਦੇ ਇੱਕ ਨਾਮੀ ਵਪਾਰੀ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਘਟਨਾ ਦੇ ਮੱਦੇਨਜ਼ਰ, ਥਾਣਾ ਸਿਟੀ ਨਕੋਦਰ ਵਿਖੇ 21 ਜੂਨ, 2025 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 64 ਦਰਜ ਕੀਤਾ ਗਿਆ ਸੀ।
ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਚਾਰ ਦੋਸ਼ੀਆਂ – ਸੁਖਜਿੰਦਰ ਸਿੰਘ ਉਰਫ ਸੰਨੀ, ਰਮਨਦੀਪ, ਅਦਿਤਿਆ ਰਾਏ ਉਰਫ ਮਨੀਸ਼, ਅਤੇ ਸੈਮ – ਦੀ ਪਛਾਣ ਕੀਤੀ। ਪੁਲਿਸ ਨੇ 22 ਜੂਨ, 2025 ਨੂੰ ਅਦਿਤਿਆ ਰਾਏ ਉਰਫ ਮਨੀਸ਼ ਨੂੰ ਕਾਬੂ ਕਰ ਲਿਆ , ਜਦੋਂ ਕਿ 23 ਜੂਨ, 2025 ਨੂੰ ਇੱਕ ਨਾਬਾਲਗ ਦੋਸ਼ੀ ਸੈਮ ਨੂੰ ਵੀ ਐਪਰੀਹੈਂਡ ਕੀਤਾ ਗਿਆ।
ਗ੍ਰਿਫਤਾਰੀ ਦੌਰਾਨ, ਪੁਲਿਸ ਨੇ ਦੋਸ਼ੀਆਂ ਪਾਸੋਂ ਫਿਰੌਤੀ ਮੰਗਣ ਲਈ ਵਰਤੇ ਗਏ ਤਿੰਨ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ (ਨੰਬਰ PB-08-FQ-2328) ਵੀ ਬਰਾਮਦ ਕੀਤੇ ਹਨ।
ਪੁੱਛਗਿੱਛ ਦੌਰਾਨ, ਅਦਿਤਿਆ ਰਾਏ ਉਰਫ ਮਨੀਸ਼ ਨੇ ਫਿਰੌਤੀ ਦੀਆਂ ਦੋ ਹੋਰ ਵੱਡੀਆਂ ਵਾਰਦਾਤਾਂ ਦਾ ਖੁਲਾਸਾ ਕੀਤਾ ਹੈ। ਉਸਨੇ ਕਬੂਲ ਕੀਤਾ ਕਿ ਰਮਨਦੀਪ ਦੇ ਕਹਿਣ ‘ਤੇ ਉਸਨੇ ਲੋਹੀਆ ਦੇ ਪ੍ਰਸਿੱਧ ਸ਼ਾਮ ਜਿਊਲਰ (ਨਰਿੰਦਰਪਾਲ) ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਰੈਕੀ ਕੀਤੀ ਸੀ , ਜਿਸ ਸਬੰਧੀ ਥਾਣਾ ਲੋਹੀਆ ਵਿਖੇ ਪਹਿਲਾਂ ਹੀ ਮੁਕੱਦਮਾ ਨੰਬਰ 61 ਦਰਜ ਹੈ। ਇਸ ਤੋਂ ਇਲਾਵਾ, ਅਦਿਤਿਆ ਰਾਏ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੇ ਰਮਨਦੀਪ ਦੇ ਕਹਿਣ ‘ਤੇ ਇੱਕ ਪੈਟਰੋਲ ਪੰਪ ਮਾਲਕ (ਰਾਜਵੰਤ ਸਿੰਘ ਰਾਜਾ) ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਲਈ ਵੀ ਰੈਕੀ ਕੀਤੀ ਸੀ , ਜਿਸ ਬਾਰੇ ਥਾਣਾ ਲੋਹੀਆ ਵਿੱਚ ਮੁਕੱਦਮਾ ਨੰਬਰ 85 ਪਹਿਲਾਂ ਹੀ ਦਰਜ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ ਅਤੇ ਰਮਨਦੀਪ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਅਤੇ ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਪਾਸੋਂ ਹੋਰ ਅਜਿਹੀਆਂ ਵਾਰਦਾਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ। ਜਲੰਧਰ ਦਿਹਾਤੀ ਪੁਲਿਸ ਨੇ ਅਪਰਾਧੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜ਼ਿਲ੍ਹੇ ਵਿੱਚ ਅਪਰਾਧ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।