ਲੁਧਿਆਣਾ: ਡੇਂਗੂ ਦੀ ਬਿਮਾਰੀ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੁਧਿਆਣਾ ਜ਼ਿਲ੍ਹੇ ਭਰ ਵਿੱਚ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸ ਚਲਾਈ ਜਾ ਰਹੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਡੇਂਗੂ ਦੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਸਾਵਧਾਨੀਆਂ ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ, ਤਾਂ ਹੀ ਡੇਂਗੂ ਦੀ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜੁਲਾਈ ਦਾ ਪੂਰਾ ਮਹੀਨਾ “ਐਂਟੀ ਡੇਂਗੂ ਮੰਥ” ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ਭਰ ਵਿੱਚ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਜਾਵੇ ਅਤੇ ਘਰਾਂ ਦੀਆਂ ਛੱਤਾਂ ‘ਤੇ ਪਏ ਹੋਏ ਕਬਾੜ ਆਦਿ ਨੂੰ ਸਾਫ਼ ਕੀਤਾ ਜਾਵੇ, ਕਿਉਂਕਿ ਇਹਨਾਂ ਥਾਵਾਂ ‘ਤੇ ਪਾਣੀ ਜਮ੍ਹਾਂ ਹੋਣ ਨਾਲ ਮੱਛਰ ਪੈਦਾ ਹੁੰਦੇ ਹਨ।
ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੀਤਲ ਨਾਰੰਗ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਜ਼ਿਲ੍ਹੇ ਭਰ ਵਿੱਚ ਟੀਮਾਂ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ, ਤਾਂ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਲਾਰਵੇ ਦੀ ਭਾਲ ਕੀਤੀ ਜਾ ਸਕੇ ਅਤੇ ਉਸ ਨੂੰ ਨਸ਼ਟ ਕੀਤਾ ਜਾ ਸਕੇ। ਇਸ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਸਰਕਾਰੀ ਹਾਈ ਸਕੂਲ ਬਾੜੇਵਾਲ, ਲੁਧਿਆਣਾ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਜਾਗਰੂਕ ਕੀਤਾ। ਇਸ ਮੌਕੇ ‘ਤੇ ਗਣਿਤ ਅਧਿਆਪਕ ਗੁਰਪ੍ਰੀਤ ਸਿੰਘ, ਹਿੰਦੀ ਮਿਸਟਰੈੱਸ ਕਮ ਨੋਡਲ ਅਫਸਰ ਹੈਲਥ ਮਨਪ੍ਰੀਤ ਕੌਰ ਅਤੇ ਅਵਤਾਰ ਸਿੰਘ ਕਲਰਕ ਤੋਂ ਇਲਾਵਾ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।