ਜਲੰਧਰ: ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਹੜਤਾਲ ਦੇ ਸਮਰਥਨ ਵਿੱਚ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐੱਮ.ਐੱਫ.) ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕ ਕੇਂਦਰਾਂ ਜਿਵੇਂ ਸ਼ਾਹਕੋਟ, ਬਿਲਗਾ, ਕਰਤਾਰਪੁਰ, ਆਦਮਪੁਰ, ਬੜਾ ਪਿੰਡ, ਜੰਡਿਆਲਾ, ਮਹਿਤਪੁਰ, ਜਲੰਧਰ, ਕਾਲਾ ਬੱਕਰਾ ਅਤੇ ਜਮਸ਼ੇਰ ਵਿਖੇ ਰੋਸ ਰੈਲੀਆਂ ਅਤੇ ਪ੍ਰਦਰਸ਼ਨ ਕੀਤੇ ਗਏ।
ਇਨ੍ਹਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ, ਜਨਰਲ ਸਕੱਤਰ ਕਲਵਿੰਦਰ ਸਿੰਘ ਜੋਸਨ, ਅਤੇ ਵਿੱਤ ਸਕੱਤਰ ਮਨਦੀਪ ਕੌਰ ਬਿਲਗਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਵੱਡੇ ਪੱਧਰ ‘ਤੇ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਦੁਆਰਾ ਮਜ਼ਦੂਰ ਪੱਖੀ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣੇ, ਠੇਕੇਦਾਰੀ ਤੇ ਆਊਟਸੋਰਸ ਪ੍ਰਣਾਲੀ ਨੂੰ ਲਗਾਤਾਰ ਜਾਰੀ ਰੱਖਣਾ ਅਤੇ ਹੋਰ ਮਜ਼ਬੂਤ ਕਰਨਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ, ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, ਮਾਣਭੱਤਾ ਵਰਕਰਾਂ ‘ਤੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਘੱਟੋ-ਘੱਟ ਉਜਰਤਾਂ ਲਾਗੂ ਨਾ ਕਰਨਾ ਅਤੇ ਕੌਮੀ ਸਿੱਖਿਆ ਨੀਤੀ 2020 ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨਾ ਸਾਬਿਤ ਕਰਦਾ ਹੈ ਕਿ ਇਹ ਦੋਵੇਂ ਸਰਕਾਰਾਂ ਲੋਕਾਂ ਲਈ ਨਹੀਂ, ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀਆਂ ਹਨ।
ਇਸ ਮੌਕੇ ਮਾਣਭੱਤਾ ਵਰਕਰਾਂ ਦੇ ਆਗੂ ਗੁਰਜੀਤ ਕੌਰ ਸ਼ਾਹਕੋਟ, ਕਲਵਿੰਦਰ ਕੌਰ ਅਮਾਨਤਪੁਰ, ਅਮਿੰਤਪਾਲ ਕੌਰ ਨੁਸੀ, ਸੀਮਾ ਸਈਪੁਰ ਨੇ ਕਿਹਾ ਕਿ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਨਾ ਕਰਨ ਵਿੱਚ ‘ਆਮ ਆਦਮੀ ਪਾਰਟੀ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਵੀ ਦੋ ਕਦਮ ਅੱਗੇ ਚੱਲ ਰਹੀ ਹੈ। ਆਗੂਆਂ ਨੇ ਆਖਿਆ ਕਿ ਜਿੱਥੇ ‘ਆਮ ਆਦਮੀ ਪਾਰਟੀ’ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿੱਤੀਆਂ ਆਪਣੀਆਂ ਹੀ ਗਾਰੰਟੀਆਂ ਤੋਂ ਭਗੌੜੀ ਹੋ ਚੁੱਕੀ ਹੈ, ਉੱਥੇ ਮੁਲਾਜ਼ਮਾਂ ਦੇ ਪੇਂਡੂ ਤੇ ਬਾਰਡਰ ਏਰੀਆ ਸਮੇਤ ਵੱਖ-ਵੱਖ ਕਿਸਮ ਦੇ ਰੋਕੇ ਗਏ ਭੱਤੇ, ਏ.ਸੀ.ਪੀ. ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ।
ਇਨ੍ਹਾਂ ਰੈਲੀਆਂ ਨੂੰ ਜਸਵੀਰ ਸਿੰਘ ਸੰਧੂ, ਜੋਤੀ ਆਦਮਪੁਰ, ਸੀਤਾ ਬੁਲੰਦਪੁਰ, ਸੁਖਨਿੰਦਰ ਕੌਰ, ਕੁਲਦੀਪ ਕੌਰ, ਕਮਲੇਸ਼ ਬੜਾ ਪਿੰਡ, ਸਤਿੰਦਰ ਕੌਰ, ਪੂਨਮ, ਆਸਾ ਗੁਪਤਾ ਬਿਲਗਾ, ਜਸਵੀਰ ਕੌਰ ਸ਼ਾਹਕੋਟ, ਕਵਿਤਾ ਰਾਣੀ ਭੱਟੀ, ਕੁਲਦੀਪ ਕੌਰ, ਨੀਲੂ, ਹਰਮੇਸ਼ ਕੌਰ, ਮਾਨਸੀ, ਨੀਲਮ ਕਾਲਾ ਬੱਕਰਾ, ਜਸਵੀਰ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ, ਮੀਨੂੰ, ਰੋਜੀ, ਰਸ਼ਪਾਲ ਕੌਰ ਜੰਡਿਆਲਾ ਅਤੇ ਰਾਜ ਰਾਣੀ ਜਮਸ਼ੇਰ ਨੇ ਵੀ ਸੰਬੋਧਨ ਕੀਤਾ।