ਲੁਧਿਆਣਾ: ਮੀਂਹਾਂ ਦੇ ਮੌਸਮ ਦੌਰਾਨ ਡੇਂਗੂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ, ਲੁਧਿਆਣਾ ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਰਾਜ-ਪੱਧਰੀ ਮੁਹਿੰਮ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਨੂੰ ਸਰਗਰਮੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਮੱਛਰਾਂ ਦੀ ਪੈਦਾਵਾਰ ਨੂੰ ਰੋਕਣਾ ਅਤੇ ਸਮਾਜਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਸਾਰੀਆਂ ਸਿਹਤ ਟੀਮਾਂ, ਵੈਕਟਰ-ਬੋਰਨ ਰੋਗ ਕੰਟਰੋਲ ਸਟਾਫ ਅਤੇ ਪ੍ਰਸ਼ਾਸਕੀ ਇਕਾਈਆਂ ਨੂੰ ਹੁਕਮ ਦਿੱਤੇ ਹਨ ਕਿ ਹਰ ਸ਼ੁੱਕਰਵਾਰ ਨੂੰ ਸਰਕਾਰੀ ਅਦਾਰਿਆਂ, ਵਰਕਸ਼ਾਪਾਂ, ਸਕੂਲਾਂ ਅਤੇ ਉੱਚ ਖਤਰੇ ਵਾਲੇ ਖੇਤਰਾਂ ਵਿੱਚ ਹਫ਼ਤਾਵਾਰ ਜਾਂਚਾਂ ਕੀਤੀਆਂ ਜਾਣ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਡੇਂਗੂ ਤੋਂ ਬਚਾਅ ਲਈ ਰੋਕਥਾਮ ਸਭ ਤੋਂ ਮਜ਼ਬੂਤ ਹਥਿਆਰ ਹੈ। ਮੈਂ ਸਾਰੇ ਨਾਗਰਿਕਾਂ, ਅਦਾਰਿਆਂ ਅਤੇ ਵਿਭਾਗਾਂ ਨੂੰ ਅਪੀਲ ਕਰਦੀ ਹਾਂ ਕਿ ਸਿਹਤ ਟੀਮਾਂ ਨਾਲ ਸਹਿਯੋਗ ਕਰਕੇ ਹਰੇਕ ਸ਼ੁੱਕਰਵਾਰ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਵਿੱਚ ਭਾਗ ਲੈਣ। ਰੁਕਿਆ ਹੋਇਆ ਪਾਣੀ ਮੱਛਰਾਂ ਦੀ ਪੈਦਾਵਾਰ ਦਾ ਕਾਰਨ ਬਣ ਸਕਦਾ ਹੈ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਾ ਸਕਦਾ ਹੈ।”
ਇਸ ਮੁਹਿੰਮ ਦੇ ਹਿੱਸੇ ਵਜੋਂ ਅਸਿਸਟੈਂਟ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਅੱਜ PRTC ਵਰਕਸ਼ਾਪ ਲੁਧਿਆਣਾ ‘ਚ ਜਾਂਚ ਮੁਹਿੰਮ ਚਲਾਈ। ਜਾਂਚ ਦੌਰਾਨ, ਵਰਕਸ਼ਾਪ ਵਿੱਚ ਪਏ ਪੁਰਾਣੇ ਟਾਇਰਾਂ ਵਿੱਚ ਇਕੱਠਾ ਪਾਣੀ ਮਿਲਿਆ, ਜਿਸ ਵਿੱਚ ਮੱਛਰਾਂ ਦੇ ਲਾਰਵਾ ਪੈਦਾ ਹੋ ਰਹੇ ਸਨ। ਸਿਹਤ ਟੀਮ ਨੇ ਮੌਕੇ ‘ਤੇ ਹੀ ਲਾਰਵਾ ਨਸ਼ਟ ਕੀਤਾ ਅਤੇ ਵਰਕਸ਼ਾਪ ਦੇ ਸਟਾਫ ਨੂੰ ਇਸ ਤਰ੍ਹਾਂ ਦੇ ਹਾਲਾਤਾਂ ਨਾਲ ਜੁੜੇ ਖ਼ਤਰੇ ਬਾਰੇ ਜਾਗਰੂਕ ਕੀਤਾ। ਡਾ. ਕਟਾਰੀਆ ਨੇ ਵਰਕਸ਼ਾਪ ਮੈਨੇਜਮੈਂਟ ਨੂੰ ਮੌਕੇ ‘ਤੇ ਹੀ ਨਿਰਦੇਸ਼ ਦਿੱਤੇ ਕਿ ਵਰਕਸ਼ਾਪ ‘ਚ ਇਕੱਠਾ ਹੋ ਰਿਹਾ ਪਾਣੀ ਨਿਯਮਤ ਤੌਰ ‘ਤੇ ਸਾਫ ਕੀਤਾ ਜਾਵੇ, ਬਿਨਾਂ ਵਰਤੇ ਟਾਇਰਾਂ ਨੂੰ ਜਾਂ ਤਾਂ ਢੱਕ ਕੇ ਰੱਖਿਆ ਜਾਵੇ ਜਾਂ ਸਹੀ ਢੰਗ ਨਾਲ ਨਸ਼ਟ ਕੀਤਾ ਜਾਵੇ ਅਤੇ ਹਫ਼ਤਾਵਾਰ ਸਫ਼ਾਈ ਨੂੰ ਰੁਟੀਨ ਦਾ ਹਿੱਸਾ ਬਣਾਇਆ ਜਾਵੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੱਛਰ-ਨਿਯੰਤਰਣ ਸਿਰਫ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਅਤੇ ਅਦਾਰੇ ਦੀ ਭਾਗੀਦਾਰੀ ਲਾਜ਼ਮੀ ਹੈ ਤਾਂ ਜੋ ਇਸ ਖਤਰਨਾਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਸਿਹਤ ਵਿਭਾਗ ਦੁਬਾਰਾ ਲੋਕਾਂ ਨੂੰ ਅਪੀਲ ਕਰਦਾ ਹੈ ਕਿ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਵਿੱਚ ਸ਼ਾਮਲ ਹੋ ਕੇ ਹਰ ਸ਼ੁੱਕਰਵਾਰ ਆਪਣੇ ਘਰਾਂ, ਦਫਤਰਾਂ ਅਤੇ ਖਾਲੀ ਥਾਵਾਂ ‘ਚ ਰੁਕਿਆ ਪਾਣੀ ਜਾਂ ਮੱਛਰ ਪੈਦਾਵਾਰ ਸਥਾਨਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਨਸ਼ਟ ਕਰਨ। ਇਸ ਮੌਕੇ ‘ਤੇ ਰਜਿੰਦਰ ਸਿੰਘ (ਡਿਪਟੀ ਮਾਸ ਮੀਡੀਆ ਅਫਸਰ), ਐਮ.ਪੀ.ਐਚ.ਐਸ. ਸਤਿੰਦਰ ਸਿੰਘ ਅਤੇ ਅਲਤਾਫ ਵੀ ਹਾਜ਼ਰ ਸਨ।