ਨਕੋਦਰ: ਦੇਸ਼ ਅੰਦਰ ਦਲਿਤ ਸਮਾਜ ਨਾਲ ਹੁੰਦੀਆਂ ਧੱਕੇਸ਼ਾਹੀਆਂ ਅਤੇ ਅੱਤਿਆਚਾਰਾਂ ਦੇ ਖਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਨ ਵਾਲੇ ਮਲਕੀਤ ਚੁੰਬਰ ਨੇ ਸਿਆਸੀ ਆਗੂਆਂ, ਖਾਸ ਕਰਕੇ ਵਿਧਾਇਕਾਂ ਦੀ ਦੋਹਰੀ ਨੀਤੀ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਆਪਣੇ ‘ਤੇ ਬਣਦੀ ਹੈ, ਉਦੋਂ ਹੀ ਇਨ੍ਹਾਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਮਾਜ ਯਾਦ ਆਉਂਦਾ ਹੈ। ਮਲਕੀਤ ਚੁੰਬਰ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਬੇਅਦਬੀ ਕਰਨ ਦੇ ਮਾਮਲੇ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਅਪਣਾ ਮੂੰਹ ਬੰਦ ਰੱਖਣ ਵਾਲੇ ਵਿਧਾਇਕ ਅੱਜ ਆਪਣੇ ‘ਤੇ ਆਈ ਤਾ ਆਪਣੇ ਆਪ ਨੂੰ ਅਨੁਸੂਚਿਤ ਜਾਤੀ (ਐਸ.ਸੀ.) ਸਮਾਜ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪੈਰੋਕਾਰ ਸਾਬਤ ਕਰਦੇ ਨਜ਼ਰ ਆਏ।
ਸਰਕਾਰ ‘ਤੇ ਚੁੱਪੀ ਵੱਟਣ ਦੇ ਦੋਸ਼
ਚੁੰਬਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ‘ਗਾਲ਼ਾਂ’ ਦਾ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਸਿੱਧੇ ਤੌਰ ‘ਤੇ ਸਰਕਾਰ ਵਿੱਚ ਬੈਠੇ ਉਨ੍ਹਾਂ ਵਿਅਕਤੀਆਂ ‘ਤੇ ਨਿਸ਼ਾਨਾ ਸਾਧਿਆ ਜੋ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਉਪਮਾਨ ‘ਤੇ ਚੁੱਪ ਰਹੇ ਅਤੇ ਜ਼ੁਬਾਨ ਨਹੀਂ ਖੋਲ੍ਹੀ। ਹੁਣ ਜਦੋਂ ਉਨ੍ਹਾਂ ‘ਤੇ ਗੱਲ ਆਈ ਹੈ, ਤਾਂ ਬਾਬਾ ਸਾਹਿਬ ਵੀ ਅਤੇ ਸਮਾਜ ਵੀ ਚੇਤੇ ਆ ਰਿਹਾ ਹੈ।
ਸਿਆਸੀ ਦਾਅ ਅਤੇ ਡਰਾਮੇਬਾਜ਼ੀ
ਮਲਕੀਤ ਚੁੰਬਰ ਨੇ ਇਸ ਸਾਰੀ ਘਟਨਾ ਨੂੰ ਇੱਕ ਸਿਆਸੀ ਦਾਅ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਾਡੇ ਸਮਾਜ ਦੀਆਂ ਵੋਟਾਂ ਬਟੋਰਨ ਲਈ ਸ਼ੁਰੂ ਕੀਤਾ ਗਿਆ ਇੱਕ ਡਰਾਮਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਵੀ ਬਹੁਜਨ ਸਮਾਜ ਪਾਰਟੀ ਅੱਗੇ ਵਧਦੀ ਹੋਈ ਨਜ਼ਰ ਆਉਣ ਲੱਗਦੀ ਹੈ, ਤਾਂ ਅਜਿਹੇ ਲੋਕ ਸਮਾਜ ਨੂੰ ਗੁਮਰਾਹ ਕਰਨ ਲਈ ਡਰਾਮੇ ਕਰਦੇ ਨਜ਼ਰ ਆਉਂਦੇ ਹਨ। ਚੁੰਬਰ ਦੇ ਅਨੁਸਾਰ, ਇਨ੍ਹਾਂ ਲੋਕਾਂ ਨੂੰ ਸਮਾਜ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ, ਉਹ ਸਿਰਫ਼ ਦੂਸਰੀਆਂ ਪਾਰਟੀਆਂ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕ ਸਿਆਸਤ ਦੀਆਂ ਇਨ੍ਹਾਂ ਬਾਰੀਕ ਚਾਲਾਂ ਨੂੰ ਸਮਝ ਨਹੀਂ ਪਾਉਂਦੇ, ਜਿਸ ਕਾਰਨ ਅਜਿਹੇ ਨਾਟਕ ਕਰਨ ਵਾਲੇ ਸਫਲ ਹੋ ਜਾਂਦੇ ਹਨ।
ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਅਖੀਰ ਵਿੱਚ, ਮਲਕੀਤ ਚੁੰਬਰ ਨੇ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ 2027 ਵਿੱਚ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਸਮਾਜ ਦੇ ਹਿੱਤਾਂ ਦੀ ਸਹੀ ਨੁਮਾਇੰਦਗੀ ਹੋ ਸਕੇ।