ਨਕੋਦਰ: ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ, ਨਕੋਦਰ ਵਿਖੇ ‘ਹਮਾਰਾ ਭਾਰਤ-ਵਿਕਸਿਤ ਭਾਰਤ’ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਭਾਰਤੀਆ ਐੱਸ.ਸੀ., ਬੀ.ਸੀ., ਜਨਰਲ ਸੈੱਲ ਪੰਜਾਬ ਇੰਡੀਆ ਦੇ ਚੇਅਰਮੈਨ ਦਵਿੰਦਰ ਕਲੇਰ ਦੀ ਦੇਖ-ਰੇਖ ਹੇਠ ਕੱਢੀ ਗਈ ਇਸ ਯਾਤਰਾ ਦਾ ਮੁੱਖ ਉਦੇਸ਼ ਦੇਸ਼ ਦੀ ਸੁਰੱਖਿਆ ਅਤੇ ਤਰੱਕੀ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨਾ ਸੀ।
ਨੌਜਵਾਨਾਂ ਨੂੰ ਦੇਸ਼ ਸੇਵਾ ਦਾ ਸੰਦੇਸ਼
ਇਸ ਤਿਰੰਗਾ ਯਾਤਰਾ ਦੌਰਾਨ, ਦੇਸ਼ ਦੇ ਗੌਰਵ ਐੱਸ-400, ਅਗਨੀ ਮਿਜ਼ਾਈਲ, ਰਾਫੇਲ ਅਤੇ ‘ਆਪਰੇਸ਼ਨ ਸੰਧੂਰ’ ਵਰਗੇ ਮਿਸ਼ਨਾਂ ਦੇ ਅਧਿਕਾਰੀਆਂ ਨੂੰ ਯਾਦ ਕੀਤਾ ਗਿਆ। ਚੇਅਰਮੈਨ ਦਵਿੰਦਰ ਕਲੇਰ ਨੇ ਹਰ ਭਾਰਤੀ ਨੌਜਵਾਨ ਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ ਪੜ੍ਹ-ਲਿਖ ਕੇ ਚੰਗੀ ਸਿਹਤ ਬਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦਾ ਸੁਪਨਾ ਫੌਜ ਜਾਂ ਸਰਕਾਰੀ ਅਦਾਰਿਆਂ ਵਿੱਚ ਸੇਵਾ ਕਰਨਾ ਹੈ, ਉਹ ਸਖ਼ਤ ਮਿਹਨਤ ਅਤੇ ਚੰਗੇ ਮਾਰਗਦਰਸ਼ਨ ਨਾਲ ਆਪਣੇ ਸੁਪਨੇ ਪੂਰੇ ਕਰ ਸਕਦੇ ਹਨ।
ਤਿਰੰਗਾ ਯਾਤਰਾ ‘ਚ ਪਤਵੰਤੇ ਸੱਜਣ ਹੋਏ ਸ਼ਾਮਲ
ਇਸ ਯਾਤਰਾ ਦੀ ਸ਼ੁਰੂਆਤ ਭਾਜਪਾ ਪੰਜਾਬ ਦੇ ਐੱਸ.ਸੀ. ਮੋਰਚਾ ਦੇ ਚੇਅਰਮੈਨ ਅਤੇ ਕੈਸ਼ੀਅਰ ਚੰਦਰ ਸ਼ੇਖਰ ਚੌਹਾਨ, ਸਟੇਟ ਮੈਂਬਰ ਸਰਦਾਰ ਰਾਣਾ ਹਰਦੀਪ ਸਿੰਘ, ਅਤੇ ਜ਼ਿਲ੍ਹਾ ਮਹਾਂਮੰਤਰੀ ਅਮਿਤ ਵਿਜ ਨੇ ਰਿਬਨ ਕੱਟ ਕੇ ਕੀਤੀ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਮਨੀਸ਼ ਧੀਰ ਵੀ ਮੌਜੂਦ ਸਨ। ਯਾਤਰਾ ਵਿੱਚ ਸ਼ਾਮਲ ਹੋਏ ਸਮੂਹ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੂੰ ਤਿਰੰਗੇ ਨਾਲ ਬਣੇ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਚੇਅਰਮੈਨ ਗੁਰਜਿੰਦਰ ਸਿੰਘ ਸੋਨੂੰ, ਸੈੱਲ ਦੇ ਪ੍ਰਧਾਨ ਕੁਲਵਿੰਦਰ, ਮੀਡੀਆ ਇੰਚਾਰਜ ਰੋਹਿਤ ਪੁਰੀ ਅਤੇ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ।