ਐਸ.ਏ.ਐਸ. ਨਗਰ: ਪੰਜਾਬੀ ਸਿਨੇਮਾ, ਹਾਸਰਸ ਅਤੇ ਖੇਤੀਬਾੜੀ ਸਿੱਖਿਆ ਜਗਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਆਪਣੇ ਬੇਮਿਸਾਲ ਹਾਸੇ ਅਤੇ ਸੰਜੀਦਾ ਕਿਰਦਾਰਾਂ ਨਾਲ ਪੰਜਾਬੀਆਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਉਣ ਵਾਲੇ ਮਹਾਨ ਕਲਾਕਾਰ ਅਤੇ ਪ੍ਰੋਫੈਸਰ ਡਾ. ਜਸਵਿੰਦਰ ਭੱਲਾ (65) ਦਾ 22 ਅਗਸਤ ਸਵੇਰੇ ਦੁੱਖਦਾਈ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਦੋ ਦਿਨਾਂ ਤੋਂ ਬ੍ਰੇਨ ਸਟ੍ਰੋਕ ਕਾਰਨ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ, ਜਿੱਥੇ ਉਨ੍ਹਾਂ ਨੇ ਸਵੇਰੇ ਕਰੀਬ 4 ਵਜੇ ਆਖਰੀ ਸਾਹ ਲਏ। ਉਨ੍ਹਾਂ ਦੇ ਜਾਣ ਦੀ ਖ਼ਬਰ ਸੁਣਦਿਆਂ ਹੀ ਪੰਜਾਬੀ ਇੰਡਸਟਰੀ ਅਤੇ ਸਮੁੱਚੇ ਪੰਜਾਬ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਸਸਕਾਰ ਅੱਜ ਸ਼ਨੀਵਾਰ, 23 ਅਗਸਤ ਨੂੰ ਦੁਪਹਿਰ 1 ਵਜੇ ਮੋਹਾਲੀ ਦੇ ਪਿੰਡ ਬਲੌਂਗੀ ਵਿੱਚ ਕੀਤਾ ਜਾਵੇਗਾ।
ਸਿਨੇਮਾ ਤੋਂ ਪਹਿਲਾਂ ਦਾ ਸਫ਼ਰ: ਪ੍ਰੋਫੈਸਰ ਤੋਂ ‘ਛਣਕਾਟੇ’ ਤੱਕ
ਡਾ. ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਤੋਂ ਕੀਤੀ, ਜਿੱਥੇ ਉਹ ਇੱਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਆਪਣੇ ਹਾਸਰਸ ਰਾਹੀਂ ਉਨ੍ਹਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ। ਇਸੇ ਦੌਰਾਨ, ਉਨ੍ਹਾਂ ਨੇ ਆਪਣੀ ਕਾਮੇਡੀ ਦਾ ਸਫ਼ਰ 1988 ਵਿੱਚ ਆਡੀਓ ਕੈਸੇਟ ‘ਛਣਕਾਟਾ 88’ ਨਾਲ ਸ਼ੁਰੂ ਕੀਤਾ। ਇਹ ‘ਛਣਕਾਟਾ’ ਸੀਰੀਜ਼ ਪੰਜਾਬੀ ਕਾਮੇਡੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਤ ਹੋਈ। ਆਪਣੇ ਸਾਫ਼-ਸੁਥਰੇ ਹਾਸੇ, ਸਮਾਜਿਕ ਵਿਅੰਗ ਅਤੇ ਅਨੋਖੇ ਅੰਦਾਜ਼ ਨਾਲ ਉਨ੍ਹਾਂ ਨੇ ਘਰ-ਘਰ ਆਪਣੀ ਪਛਾਣ ਬਣਾਈ। ਹਰ ਸਾਲ ਆਉਣ ਵਾਲੇ ‘ਛਣਕਾਟੇ’ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰਦੇ ਸਨ। ਉਨ੍ਹਾਂ ਨੇ ‘ਛਣਕਾਟਾ 2000’, ‘ਛਣਕਾਟਾ 2005’ ਅਤੇ ਇਸ ਸੀਰੀਜ਼ ਦੀਆਂ ਕਈ ਹੋਰ ਕੜੀਆਂ ਨਾਲ ਆਪਣਾ ਕੱਦ ਇੰਨਾ ਉੱਚਾ ਕਰ ਲਿਆ ਕਿ ਉਹ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਕਹਾਉਣ ਲੱਗੇ। ਉਹ ਆਪਣੇ ‘ਚਾਚਾ ਚਤਰਾ’ ਕਿਰਦਾਰ ਨਾਲ ਵੀ ਬੇਹੱਦ ਮਸ਼ਹੂਰ ਹੋਏ, ਜੋ ਕਿ ਹਮੇਸ਼ਾ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹਾਸੇ ਨਾਲ ਨਜਿੱਠਣ ਦਾ ਸੰਦੇਸ਼ ਦਿੰਦਾ ਸੀ।
ਸਿਨੇਮਾ ਵਿੱਚ ਦਾਖਲਾ ਅਤੇ ਸਦਾਬਹਾਰ ਕਿਰਦਾਰ
‘ਛਣਕਾਟਾ’ ਦੀ ਅਥਾਹ ਸਫ਼ਲਤਾ ਤੋਂ ਬਾਅਦ ਡਾ. ਜਸਵਿੰਦਰ ਭੱਲਾ ਨੇ 1998 ਵਿੱਚ ‘ਦੁੱਲਾ ਭੱਟੀ’ ਫ਼ਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ‘ਮਾਹੌਲ ਠੀਕ ਹੈ’, ‘ਜੀਜਾ ਜੀ’, ‘ਚੱਕ ਦੇ ਫੱਟੇ’ ਅਤੇ ‘ਮੇਲ ਕਰਾਂਦੇ ਰੱਬਾ’ ਵਰਗੀਆਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਹਾਸੇ ਅਤੇ ਸੰਜੀਦਗੀ ਦਾ ਖੂਬਸੂਰਤ ਸੁਮੇਲ ਪੇਸ਼ ਕੀਤਾ।
ਪਰ ਉਨ੍ਹਾਂ ਦੀ ਅਸਲ ਪਛਾਣ ‘ਕੈਰੀ ਆਨ ਜੱਟਾ’ ਅਤੇ ‘ਜੱਟ ਐਂਡ ਜੂਲੀਅਟ’ ਫ਼ਿਲਮ ਸੀਰੀਜ਼ ਦੇ ਕਿਰਦਾਰਾਂ ਨੇ ਬਣਾਈ। ‘ਕੈਰੀ ਆਨ ਜੱਟਾ’ ਵਿੱਚ ਉਨ੍ਹਾਂ ਦਾ ਕਿਰਦਾਰ ‘ਪਰਸ਼ਾਦ’ ਬੇਹੱਦ ਮਸ਼ਹੂਰ ਹੋਇਆ। ‘ਓਏ ਪੁੱਤਰਾ, ਓਏ ਪਰਸ਼ਾਦਾ’ ਅਤੇ ‘ਭਰਾ’ ਵਰਗੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ। ਇਸੇ ਤਰ੍ਹਾਂ ‘ਜੱਟ ਐਂਡ ਜੂਲੀਅਟ’ ਵਿੱਚ ‘ਪ੍ਰਿੰਸੀਪਲ ਬਲਵੰਤ ਸਿੰਘ’ ਦਾ ਕਿਰਦਾਰ ਵੀ ਉਨ੍ਹਾਂ ਦੀ ਅਦਾਕਾਰੀ ਦੀ ਇੱਕ ਹੋਰ ਮਿਸਾਲ ਹੈ। ਇਨ੍ਹਾਂ ਫ਼ਿਲਮਾਂ ਨੇ ਨਾ ਸਿਰਫ਼ ਉਨ੍ਹਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ, ਸਗੋਂ ਪੰਜਾਬੀ ਸਿਨੇਮਾ ਨੂੰ ਵੀ ਨਵੀਂ ਦਿਸ਼ਾ ਦਿੱਤੀ।
ਸਾਦਗੀ ਅਤੇ ਮਹਾਨ ਸ਼ਖਸੀਅਤ
ਭੱਲਾ ਜੀ ਆਪਣੀ ਕਾਮੇਡੀ ਲਈ ਜਿੰਨੇ ਪ੍ਰਸਿੱਧ ਸਨ, ਉਸ ਤੋਂ ਵੀ ਕਿਤੇ ਵੱਧ ਉਹ ਆਪਣੀ ਸਾਦਗੀ ਅਤੇ ਮਹਾਨ ਸ਼ਖਸੀਅਤ ਲਈ ਜਾਣੇ ਜਾਂਦੇ ਸਨ। ਉਹ ਨਵੇਂ ਕਲਾਕਾਰਾਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਸਨ ਅਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦੇ ਸਨ। ਉਨ੍ਹਾਂ ਦੇ ਕਰੀਬੀ ਦੋਸਤ ਬਾਲ ਮੁਕੰਦ ਸ਼ਰਮਾ ਨੇ ਕਿਹਾ, “ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਸਾਡਾ ਚਾਲੀ ਸਾਲਾਂ ਪੁਰਾਣਾ ਰਿਸ਼ਤਾ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਮੈਨੂੰ ਭਰਾ ਦਾ ਦਰਜਾ ਦਿੱਤਾ ਸੀ।” ਕਾਮੇਡੀਅਨ ਪੰਮੀ ਨੇ ਦੱਸਿਆ ਕਿ ਦਿਲ ਅਤੇ ਸ਼ੂਗਰ ਦੀ ਬਿਮਾਰੀ ਕਾਰਨ ਉਨ੍ਹਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ, ਪਰ ਉਨ੍ਹਾਂ ਦਾ ਜਾਣਾ ਪੰਜਾਬੀ ਇੰਡਸਟਰੀ ਲਈ ਇੱਕ ਨਾ ਪੂਰੀ ਹੋਣ ਵਾਲੀ ਕਮੀ ਹੈ।
ਹਰ ਪਾਸਿਓਂ ਸ਼ਰਧਾਂਜਲੀਆਂ ਦੀ ਲਹਿਰ
ਡਾ. ਜਸਵਿੰਦਰ ਭੱਲਾ ਦੇ ਦੇਹਾਂਤ ‘ਤੇ ਪੰਜਾਬੀ ਫ਼ਿਲਮ ਜਗਤ ਦੇ ਕਲਾਕਾਰਾਂ ਅਤੇ ਨੇਤਾਵਾਂ ਨੇ ਡੂੰਘੇ ਸੋਗ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਛਣਕਾਟਿਆਂ ਦੀ ਛਣਕਾਰ ਦੇ ਮੁੱਕਣ ਨਾਲ ਮਨ ਦੁਖੀ ਹੈ, ‘ਚਾਚਾ ਚਤਰਾ’ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ।’ ਪੰਜਾਬ ਕਾਂਗਰਸ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਕਲਾ ਰਾਹੀਂ ਲੋਕਾਂ ਦੇ ਜੀਵਨ ਵਿੱਚ ਹਾਸਾ ਬਿਖੇਰਿਆ ਹੈ।
ਅਦਾਕਾਰ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਭੱਲਾ ਸਾਹਿਬ ਨਾਲ ਬਿਤਾਏ ਪਲ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰ ਹਨ। ਉਹ ਮੇਰੇ ਲਈ ਪਿਤਾ ਵਰਗੇ ਸਨ।” ਅਦਾਕਾਰ ਅਤੇ ਨੇਤਾ ਕਰਮਜੀਤ ਸਿੰਘ ਅਨਮੋਲ ਨੇ ਭੱਲਾ ਜੀ ਨੂੰ ਇੱਕ ਮਹਾਨ ਇਨਸਾਨ ਦੱਸਿਆ। ਨਿਰਦੇਸ਼ਕ ਹਰਸ਼ ਗੋਗੀ ਨੇ ਵੀ ਆਪਣੀ ਸ਼ੋਸ਼ਲ ਮੀਡੀਆ ਪੋਸਟ ਤੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਨੇ ਆਪਣਾ ਮਹਾਨ ਹੀਰਾ ਗੁਆ ਦਿੱਤਾ ਹੈ। ਅਦਾਕਾਰਾ ਪ੍ਰੀਤੀ ਸਪਰੂ ਨੇ ਕਿਹਾ ਕਿ ਮੇਹਰ ਮਿੱਤਲ ਤੋਂ ਬਾਅਦ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਵਿੱਚ ਹਾਸੇ ਨੂੰ ਨਵੀਂ ਪਛਾਣ ਦਿੱਤੀ।
ਉਨ੍ਹਾਂ ਦੇ ਮੋਹਾਲੀ ਸਥਿਤ ਨਿਵਾਸ ‘ਤੇ ਫ਼ਿਲਮੀ ਜਗਤ ਦੇ ਕਲਾਕਾਰ, ਨੇਤਾ ਅਤੇ ਪਤਵੰਤੇ ਸੱਜਣ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ। ਉਨ੍ਹਾਂ ਦੀ ਧੀ ਜੋ ਦਸ ਦਿਨ ਪਹਿਲਾਂ ਯੂਰਪ ਗਈ ਸੀ, ਆਪਣੇ ਪਿਤਾ ਦੇ ਦੇਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਵਾਪਸ ਪਰਤ ਰਹੀ ਹੈ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਹ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੈਂਪ ਲਗਾ ਰਹੇ ਸਨ।
ਡਾ. ਜਸਵਿੰਦਰ ਭੱਲਾ ਦਾ ਜਾਣਾ ਸਿਰਫ਼ ਇੱਕ ਕਲਾਕਾਰ ਦਾ ਜਾਣਾ ਨਹੀਂ, ਸਗੋਂ ਉਸ ਸਖ਼ਸ਼ੀਅਤ ਦਾ ਜਾਣਾ ਹੈ, ਜਿਸ ਨੇ ਆਪਣੇ ਹਾਸੇ ਅਤੇ ਮਹਾਨ ਇਨਸਾਨੀਅਤ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ। ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਕੰਮ ਹਮੇਸ਼ਾ ਪੰਜਾਬੀ ਕਲਾ ਜਗਤ ਨੂੰ ਪ੍ਰੇਰਿਤ ਕਰਦਾ ਰਹੇਗਾ।