ਮੰਡੀ, ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਜਿੱਥੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਕੁਝ ਲੋਕਾਂ ਦੀ ਹਿੰਮਤ ਅਤੇ ਸਮਰਪਣ ਦੀਆਂ ਮਿਸਾਲਾਂ ਵੀ ਪੇਸ਼ ਹੋ ਰਹੀਆਂ ਹਨ। ਮੰਡੀ ਜ਼ਿਲ੍ਹੇ ਦੇ ਪਿੰਡ ਟਿੱਕਰ ਦੀ ਮਹਿਲਾ ਸਿਹਤ ਕਰਮਚਾਰੀ ਕਮਲਾ ਨੇ ਹੜ੍ਹ ਪ੍ਰਭਾਵਿਤ ਚੌਹਾਰ ਘਾਟੀ ਵਿੱਚ ਆਪਣੀ ਡਿਊਟੀ ਨਿਭਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨੱਕੋ-ਨੱਕ ਭਰਿਆ ਨਾਲਾ ਪਾਰ ਕੀਤਾ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਔਖੇ ਰਾਹਾਂ ਨੂੰ ਚੁਣੌਤੀ ਦੇ ਕੇ ਪਹੁੰਚੀ ਸੀ.ਐਚ.ਸੀ.
ਹੜ੍ਹਾਂ ਕਾਰਨ ਇਸ ਖੇਤਰ ਦੀਆਂ ਸੜਕਾਂ ਅਤੇ ਪੁਲ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਕਮਲਾ ਨੇ ਆਪਣੀ ਡਿਊਟੀ ‘ਤੇ ਪਹੁੰਚਣ ਲਈ ਪਹਿਲਾਂ ਕੁਦਰਤੀ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਖ਼ਤਰਨਾਕ ਇਲਾਕਿਆਂ ਵਿੱਚੋਂ ਚਾਰ ਕਿਲੋਮੀਟਰ ਤੋਂ ਵੱਧ ਦਾ ਪੈਦਲ ਸਫ਼ਰ ਤੈਅ ਕੀਤਾ। ਆਖਰੀ ਚੁਣੌਤੀ ਉਸ ਦੇ ਸਾਹਮਣੇ ਉਦੋਂ ਆਈ, ਜਦੋਂ ਉਸ ਨੂੰ ਇੱਕ ਤੇਜ਼ ਵਗਦੇ ਪਾਣੀ ਨਾਲ ਭਰੇ ਨਾਲੇ ਵਿੱਚੋਂ ਲੰਘਣਾ ਪਿਆ। ਹਿੰਮਤ ਜੁਟਾ ਕੇ ਉਸ ਨੇ ਇਹ ਖਤਰਨਾਕ ਖੱਡ ਪਾਰ ਕੀਤੀ ਅਤੇ ਸਮੇਂ ਸਿਰ ਟੀਕਾਕਰਨ ਦੀ ਡਿਊਟੀ ਪੂਰੀ ਕੀਤੀ। ਕਮਲਾ ਨੇ ਕਿਹਾ, “ਇਹ ਖ਼ਤਰਨਾਕ ਜ਼ਰੂਰ ਸੀ ਪਰ ਡਿਊਟੀ ਕਰਨੀ ਮਹੱਤਵਪੂਰਨ ਹੈ। ਇਨ੍ਹਾਂ ਸਿਹਤ ਕੇਂਦਰਾਂ ਅਧੀਨ ਆਉਣ ਵਾਲੇ ਲੋਕ ਸਾਡੇ ‘ਤੇ ਨਿਰਭਰ ਕਰਦੇ ਹਨ।”
ਅਧਿਕਾਰੀਆਂ ਨੇ ਕੀਤੀ ਤਾਰੀਫ਼ ਪਰ ਸੁਰੱਖਿਆ ਦੀ ਦਿੱਤੀ ਸਲਾਹ
ਕਮਲਾ ਦੀ ਇਸ ਬਹਾਦਰੀ ਲਈ ਮੁੱਖ ਮੈਡੀਕਲ ਅਧਿਕਾਰੀ ਮੰਡੀ ਡਾ. ਦੀਪਾਲੀ ਸ਼ਰਮਾ ਨੇ ਉਸ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਮਲਾ ਦੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਦੀ ਕਦਰ ਕੀਤੀ, ਪਰ ਨਾਲ ਹੀ ਸਾਰੇ ਸਿਹਤ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਸੁਰੱਖਿਅਤ ਢੰਗ ਅਪਣਾਉਣ ਅਤੇ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਤੋਂ ਬਚਣ ਦੀ ਤਾਕੀਦ ਵੀ ਕੀਤੀ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਅਜਿਹੇ ਨਾਲਿਆਂ ਵਿੱਚ ਡੁੱਬਣ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਡਾ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਕਰਮਚਾਰੀਆਂ ਦੀ ਸੁਰੱਖਿਆ ਹੈ, ਜਦਕਿ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਵੀ ਬਹੁਤ ਜ਼ਰੂਰੀ ਹੈ।