ਮੋਹਾਲੀ: ਪੰਜਾਬੀ ਕਲਾ ਅਤੇ ਹਾਸਰਸ ਜਗਤ ਦੇ ਚਮਕਦੇ ਸਿਤਾਰੇ, ਕਾਮੇਡੀ ਕਿੰਗ ਡਾ. ਜਸਵਿੰਦਰ ਭੱਲਾ, ਜੋ ਹਮੇਸ਼ਾ ਆਪਣੀ ਅਦਾਕਾਰੀ ਅਤੇ ‘ਛਣਕਾਟਾ’ ਸੀਰੀਜ਼ ਨਾਲ ਲੋਕਾਂ ਨੂੰ ਹਸਾਉਂਦੇ ਸਨ, ਅੱਜ ਸਭ ਨੂੰ ਰੁਆ ਕੇ ਇਸ ਫ਼ਾਨੀ ਸੰਸਾਰ ਤੋਂ ਹਮੇਸ਼ਾ ਲਈ ਵਿਦਾ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿੱਚ ਪੂਰੇ ਸਨਮਾਨ ਨਾਲ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਪੁਖਰਾਜ ਨੇ ਨਮ ਅੱਖਾਂ ਨਾਲ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿੱਤੀ।
ਅੰਤਿਮ ਯਾਤਰਾ ਵਿੱਚ ਉਮੜਿਆ ਜਨ ਸੈਲਾਬ
ਡਾ. ਜਸਵਿੰਦਰ ਭੱਲਾ ਨੂੰ ਅੰਤਿਮ ਵਿਦਾਈ ਦੇਣ ਲਈ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰ, ਰਾਜਨੀਤਿਕ ਆਗੂ ਅਤੇ ਉਨ੍ਹਾਂ ਦੇ ਹਜ਼ਾਰਾਂ ਪ੍ਰਸ਼ੰਸਕ ਸ਼ਾਮਲ ਹੋਏ। ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਗੱਡੀ ਵਿੱਚ ਸ਼ਮਸ਼ਾਨਘਾਟ ਲਿਜਾਇਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਜਦੋਂ ਉਨ੍ਹਾਂ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ, ਤਾਂ ਗਿੱਪੀ ਗਰੇਵਾਲ ਅਤੇ ਬੀਨੂ ਢਿੱਲੋਂ ਸਮੇਤ ਕਈ ਹੋਰਨਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ।
ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਜਦੋਂ ਚਿਖਾ ਨੂੰ ਅਗਨੀ ਦਿੱਤੀ ਗਈ, ਤਾਂ ਮੌਕੇ ‘ਤੇ ਮੌਜੂਦ ਕਲਾਕਾਰ ਜਿਵੇਂ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਕਰਮਜੀਤ ਸਿੰਘ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ ਅਤੇ ਹਾਰਬੀ ਸਾਂਗਾ ਆਪਣੇ ਹੰਝੂ ਨਹੀਂ ਰੋਕ ਸਕੇ। ਗਾਇਕ ਐਮੀ ਵਿਰਕ ਵੀ ਬੇਹੱਦ ਉਦਾਸ ਦਿਖਾਈ ਦਿੱਤੇ। ਮੁਹੰਮਦ ਸਦੀਕ ਆਪਣੇ ਦੋਸਤ ਨੂੰ ਯਾਦ ਕਰਕੇ ਬੇਬਸ ਸਨ ਅਤੇ ਉਨ੍ਹਾਂ ਨੇ ਪੁਖਰਾਜ ਨੂੰ ਦਿਲਾਸਾ ਦਿੱਤਾ।
ਨਾਮ ‘ਤੇ ਚੌਕ ਅਤੇ ਆਡੀਟੋਰੀਅਮ ਦਾ ਨਾਮਕਰਨ
ਡਾ. ਭੱਲਾ ਦੇ ਸਨਮਾਨ ਵਿੱਚ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਨਿਗਮ ਵਿੱਚ ਮਤਾ ਪਾਸ ਕਰਕੇ ਸ਼ਹਿਰ ਦੇ ਇੱਕ ਚੌਕ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਿਆ ਜਾਵੇਗਾ, ਤਾਂ ਜੋ ਉਨ੍ਹਾਂ ਦੀ ਯਾਦ ਹਮੇਸ਼ਾ ਜ਼ਿੰਦਾ ਰਹੇ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਮੋਹਾਲੀ ਵਿੱਚ ਇੱਕ ਆਡੀਟੋਰੀਅਮ ਬਣਾ ਕੇ ਉਸ ਦਾ ਨਾਮ ਜਸਵਿੰਦਰ ਭੱਲਾ ਦੇ ਨਾਮ ‘ਤੇ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਸ਼ਰਧਾਂਜਲੀ ਦੇਣ ਵਾਲੇ ਹੋਰ ਪਤਵੰਤਿਆਂ ਵਿੱਚ ਕਲਾਕਾਰ ਜਿੰਮੀ ਸ਼ੇਰਗਿੱਲ, ਬਾਲ ਮੁਕੰਦ ਸ਼ਰਮਾ, ਪੰਮੀ ਬਾਈ, ਹੰਸਰਾਜ ਹੰਸ, ਜਸਬੀਰ ਜੱਸੀ, ਅਮਰ ਨੂਰੀ, ਬੀ.ਐਨ. ਸ਼ਰਮਾ ਤੋਂ ਇਲਾਵਾ ਡੀ.ਸੀ. ਮੋਹਾਲੀ ਕੋਮਲ ਮਿੱਤਲ, ਵਿਧਾਇਕ ਕੁਲਵੰਤ ਸਿੰਘ ਅਤੇ ਡੀ.ਆਈ.ਜੀ. ਭੁੱਲਰ ਵੀ ਸ਼ਾਮਲ ਸਨ।