ਜਲੰਧਰ: ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ, ਜ਼ਿਲ੍ਹਾ ਜਲੰਧਰ ਦੀ ਇੱਕ ਅਹਿਮ ਮੀਟਿੰਗ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ ਦੀ ਪ੍ਰਧਾਨਗੀ ਹੇਠ ਹੋਈ। ਵੱਖ-ਵੱਖ ਬਲਾਕਾਂ ਤੋਂ ਆਏ ਅਹੁਦੇਦਾਰਾਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ, ਜਿਸ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਮਿਸ਼ਨ ਦੇ ਅਧਿਕਾਰੀਆਂ ਪ੍ਰਤੀ ਡੂੰਘਾ ਰੋਸ ਪ੍ਰਗਟਾਇਆ ਗਿਆ।
ਮੰਗਾਂ ਨੂੰ ਅਣਗੌਲਿਆ ਕਰਨ ‘ਤੇ ਰੋਸ
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸੀਲਿਟੇਟਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਅਤੇ ਮੀਟਿੰਗਾਂ ਵਿੱਚ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਕਾਰਨ ਜਥੇਬੰਦੀ ਸੰਘਰਸ਼ ਦਾ ਰਾਹ ਅਖ਼ਤਿਆਰ ਕਰੇਗੀ। ਯੂਨੀਅਨ ਨੇ ਇਸ ਗੱਲ ‘ਤੇ ਵੀ ਗੁੱਸਾ ਪ੍ਰਗਟਾਇਆ ਕਿ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ (NHM) ਪੰਜਾਬ ਵੱਲੋਂ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਗੱਲਬਾਤ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ। ਇਸ ਰੋਸ ਵਜੋਂ, ਜ਼ਿਲ੍ਹੇ ਦੇ ਸਮੂਹ ਬਲਾਕ ਕੇਂਦਰਾਂ ‘ਤੇ 27 ਸਤੰਬਰ ਤੋਂ 3 ਅਕਤੂਬਰ ਤੱਕ ਇਕੱਠ ਕਰਕੇ ਐਸ.ਐਮ.ਓਜ਼ ਰਾਹੀਂ ਸਰਕਾਰ ਅਤੇ ਡਾਇਰੈਕਟਰ, NHM ਪੰਜਾਬ ਨੂੰ ਮੰਗ ਪੱਤਰ ਭੇਜੇ ਜਾਣਗੇ।
ਚੰਡੀਗੜ੍ਹ ‘ਚ ਵਿਸ਼ਾਲ ਪ੍ਰਦਰਸ਼ਨ ਦੀ ਤਿਆਰੀ
ਇਸ ਤੋਂ ਬਾਅਦ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਨੇ 24 ਅਕਤੂਬਰ 2025 ਨੂੰ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਦਫ਼ਤਰ, ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਪ੍ਰਮੁੱਖ ਆਗੂਆਂ ਵਿੱਚ ਸੂਬਾਈ ਪ੍ਰਧਾਨ ਮਨਦੀਪ ਕੌਰ ਬਿਲਗਾ, ਡੀ.ਐਮ.ਐਫ. ਦੇ ਆਗੂ ਹਰਿੰਦਰ ਦੁਸਾਂਝ, ਜ਼ਿਲ੍ਹਾ ਆਗੂ ਅੰਮ੍ਰਿਤਪਾਲ ਕੌਰ, ਜੋਤੀ ਆਦਮਪੁਰ, ਆਸ਼ਾ ਗੁਪਤਾ, ਆਂਚਲ ਹਰੀ ਪੁਰ, ਪੂਨਮ ਰਾਣੀ, ਊਸ਼ਾ ਰਾਣੀ, ਨਛੱਤਰ ਦੇਵੀ, ਮਨਜੀਤ ਕੌਰ ਤੇ ਨਰੇਸ਼ ਕੁਮਾਰੀ ਬਿਲਗਾ, ਜਸਵੀਰ ਕੌਰ ਤੇ ਚਰਨਜੀਤ ਕੌਰ ਸ਼ਾਹਕੋਟ, ਮੌਸਮੀ ਜਲੰਧਰ, ਜਸਵੀਰ ਕੌਰ, ਮਨਜੀਤ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ ਅਤੇ ਗੀਤਾ ਮਹਿਤਪੁਰ ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ।
