ਨਕੋਦਰ: ਹਲਕਾ ਨਕੋਦਰ ਦੇ ਕਿਸਾਨਾਂ ਨੂੰ ਫਸਲਾਂ ਦੇ ਖ਼ਰਾਬੇ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਵੰਡਣ ਦੀ ਪ੍ਰਕਿਰਿਆ ਨੂੰ ਲੈ ਕੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਨੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਰਵੇਖਣ ਤੋਂ ਬਾਅਦ ਇੰਨੀ ਤੇਜ਼ੀ ਨਾਲ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਵੰਡਣੀ ਸ਼ੁਰੂ ਕਰ ਦਿੱਤੀ ਗਈ ਹੈ।
ਵਿਧਾਇਕਾ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ, “ਪਿਛਲੀਆਂ ਸਰਕਾਰਾਂ ਵੇਲੇ ਮੁਆਵਜ਼ੇ ਸਿਰਫ਼ ਸਰਵਿਆਂ ਤੱਕ ਹੀ ਸੀਮਤ ਰਹਿ ਜਾਂਦੇ ਸਨ। ਕਿਸੇ ਨੂੰ ਵੀ ਸਮੇਂ ਸਿਰ ਮੁਆਵਜ਼ਾ ਨਹੀਂ ਸੀ ਮਿਲਿਆ। ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਬੜੀ ਤੇਜ਼ੀ ਨਾਲ ਮੁਆਵਜ਼ੇ ਰਾਹੀਂ ਲੋਕਾਂ ਦੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ।” ਉਨ੍ਹਾਂ ਕਿਹਾ ਕਿ ਇਹ ਇੱਕ ਨਵੀਂ ਪਰੰਪਰਾ ਦੀ ਸ਼ੁਰੂਆਤ ਹੈ।
ਵਿਧਾਇਕਾ ਮਾਨ ਨੇ ਅੱਗੇ ਕਿਹਾ, “ਤੁਸੀਂ ਇਹ ਨਹੀਂ ਕਿ ਖ਼ਰਾਬੇ ਹੋ ਗਏ, ਤੁਸੀਂ ਦੇਖਦੇ ਰਹੋ ਸਾਲ ਭਰ ਲੋਕ ਮੁਆਵਜ਼ੇ ਦੀ ਖਾਤਰ ਤੁਹਾਡੇ ਮੂੰਹ ਵੱਲ ਦੇਖਦੇ ਰਹਿਣ। ਫਿਰ ਮੁਆਵਜ਼ਾ ਤੁੱਛ ਜਿਹਾ ਲੋਕਾਂ ਦੇ ਹੱਥ ਫੜਾਇਆ ਜਾਂਦਾ ਸੀ। ਉਹ ਸਮਾਂ ਸਾਨੂੰ ਭੁੱਲਿਆ ਨਹੀਂ।” ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦਾ ਸਮੇਂ ਸਿਰ ਮੁਆਵਜ਼ਾ ਭੇਜਣ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਨਕੋਦਰ ਹਲਕੇ ਦੇ ਕਿਸਾਨਾਂ ਨੂੰ ਵੰਡਿਆ ਗਿਆ ਮੁਆਵਜ਼ਾ:
ਹਲਕਾ ਨਕੋਦਰ ਦੇ ਤਿੰਨ ਪਿੰਡਾਂ – ਅਵਾਣ ਚਹਾਰਮੀ, ਕੰਗ ਸਾਹਬੂ ਅਤੇ ਉੱਗੀ – ਵਿੱਚ ਕੁੱਲ 40 ਜ਼ਿਮੀਦਾਰਾਂ ਨੂੰ 18 ਲੱਖ 73 ਹਜ਼ਾਰ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ।ਇਸ ਮੌਕੇ ‘ਤੇ ਐਸ.ਡੀ.ਐਮ. ਨਕੋਦਰ ਲਾਲ ਵਿਸ਼ਵਾਸ, ਪਾਰਟੀ ਦੇ ਹਲਕਾ ਕਿਸਾਨ ਵਿੰਗ ਦੇ ਕੋਆਰਡੀਨੇਟਰ ਨਿਰਮਲ ਸਿੰਘ, ਉੱਗੀ ਬਲਾਕ ਪ੍ਰਧਾਨ ਸੁਰਿੰਦਰ ਬਠਲਾ, ਕੰਗ ਸਾਹਬੂ ਤੋਂ ਪਿਆਰਾ ਲਾਲ ਲਾਲੀ, ਅਵਾਣ ਚਹਾਰਮੀ ਤੋਂ ਹਰਪ੍ਰੀਤ ਕੌਰ ਸਰਪੰਚ, ਕੰਗ ਸਾਹਬੂ ਤੋਂ ਜਸਵਿੰਦਰ ਕੌਰ ਸਰਪੰਚ, ਬਲਾਕ ਪ੍ਰਧਾਨ ਧਰਮ ਪਾਲ ਅਤੇ ਸੰਗਠਨ ਇੰਚਾਰਜ ਜਸਵੀਰ ਸਿੰਘ ਧੰਜਲ ਸਮੇਤ ਕਈ ਪਤਵੰਤੇ ਹਾਜ਼ਰ ਸਨ।
