ਕਰਤਾਰਪੁਰ: ਨਾਰੀ ਸ਼ਕਤੀ ਸੰਸਥਾ ਵੱਲੋਂ ਕਰਤਾਰਪੁਰ ਇਲਾਕੇ ਵਿੱਚ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਗਰੀਬ ਅਤੇ ਲੋੜਵੰਦ ਕੁੜੀਆਂ ਨੂੰ ਸਕੂਲੀ ਬੱਚਿਆਂ ਨੂੰ ਪੜ੍ਹਾਉਣ ਲਈ ਜਾਗਰੂਕ ਕਰਨਾ ਸੀ। ਇਹ ਪਹਿਲ ਸੰਸਥਾ ਦੇ “ਇੱਕ ਪੰਥ ਦੋ ਕਾਜ” ਦੇ ਸਿਧਾਂਤ ‘ਤੇ ਅਧਾਰਤ ਹੈ, ਜਿਸ ਦਾ ਭਾਵ ਹੈ ਕਿ ਇਸ ਨਾਲ ਇੱਕ ਪਾਸੇ ਬੱਚੇ ਸਿੱਖਿਆ ਹਾਸਲ ਕਰ ਸਕਣਗੇ ਅਤੇ ਦੂਜੇ ਪਾਸੇ ਗਰੀਬ ਤੇ ਹੋਣਹਾਰ ਕੁੜੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ।
ਮੀਟਿੰਗ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਨੇ ਇਹ ਵੀ ਦੱਸਿਆ ਕਿ ਨਾਰੀ ਸ਼ਕਤੀ ਸੰਸਥਾ ਕਰਤਾਰਪੁਰ ਇਲਾਕੇ ਦੀਆਂ ਮਹਿਲਾਵਾਂ ਨੂੰ ਸਿਲਾਈ, ਕੜਾਹੀ ਅਤੇ ਕੰਪਿਊਟਰ ਟ੍ਰੇਨਿੰਗ ਸੈਂਟਰ ਖੋਲ੍ਹਣ ਲਈ ਉਤਸ਼ਾਹਿਤ ਕਰ ਰਹੀ ਹੈ। ਇਸ ਪਹਿਲਕਦਮੀ ਦਾ ਮਕਸਦ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਖੁਦਮੁਖਤਿਆਰ ਬਣਾਉਣਾ ਹੈ, ਤਾਂ ਜੋ ਉਹ ਸਮਾਜ ਵਿੱਚ ਸਿਰ ਉੱਚਾ ਕਰਕੇ ਜੀਅ ਸਕਣ। ਇਸ ਨਾਲ ਨਾ ਸਿਰਫ਼ ਰੋਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ, ਸਗੋਂ ਸਮਾਜ ਸੇਵਾ ਦੀ ਭਾਵਨਾ ਵੀ ਹੋਰ ਮਜ਼ਬੂਤ ਹੋਵੇਗੀ।
ਇਸ ਮਹੱਤਵਪੂਰਨ ਮੀਟਿੰਗ ਵਿੱਚ ਕੁਲਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਭੁਪਿੰਦਰ ਕੌਰ, ਰਣਜੀਤ ਕੌਰ ਅਤੇ ਇੰਦਰਜੀਤ ਕੌਰ ਸਮੇਤ ਕਈ ਮੈਂਬਰ ਹਾਜ਼ਰ ਸਨ। ਸੰਸਥਾ ਨੇ ਉਮੀਦ ਜਤਾਈ ਕਿ ਇਹ ਪਹਿਲਕਦਮੀਆਂ ਕਰਤਾਰਪੁਰ ਇਲਾਕੇ ਵਿੱਚ ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੀਆਂ।
