ਚੰਡੀਗੜ੍ਹ/ਨਕੋਦਰ: ਪੰਜਾਬ ਸਰਕਾਰ ਦੇ ਅਭਿਲਾਸ਼ੀ ‘ਮਿਸ਼ਨ ਚੜ੍ਹਦੀਕਲਾ’ ਨੂੰ ਸਫ਼ਲ ਬਣਾਉਣ ਲਈ ਹਲਕਾ ਨਕੋਦਰ ਦੇ ਪਤਵੰਤੇ ਸੱਜਣਾਂ ਨੇ ਵੱਡਾ ਯੋਗਦਾਨ ਪਾਇਆ ਹੈ। ਨਕੋਦਰ ਹਲਕੇ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਅਗਵਾਈ ਹੇਠ, ਹਲਕੇ ਦੇ ਦਾਨੀ ਸੱਜਣਾਂ ਵੱਲੋਂ ਯੋਗਦਾਨ ਕੀਤੀ ਗਈ ਕੁੱਲ 42 ਲੱਖ 51 ਹਜ਼ਾਰ ਰੁਪਏ (42,51,000) ਦੀ ਰਾਸ਼ੀ ਦੇ ਚੈੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਸੌਂਪੇ ਗਏ।
ਇਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮਿਸ਼ਨ ਚੜ੍ਹਦੀਕਲਾ’ ਲਈ ਕੀਤੇ ਗਏ ਇਸ ਅਨਮੋਲ ਯੋਗਦਾਨ ਲਈ ਨਕੋਦਰ ਹਲਕੇ ਦੇ ਸਾਰੇ ਦਾਨੀ ਸੱਜਣਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮੂਹਿਕ ਯਤਨ ਹੀ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ‘ਤੇ ਲੈ ਕੇ ਜਾਣਗੇ।
ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਵੀ ਆਪਣੇ ਹਲਕੇ ਦੇ ਸਤਿਕਾਰਯੋਗ ਦਾਨੀ ਸੱਜਣਾਂ ਦਾ ਇਸ ਨੇਕ ਕਾਰਜ ਵਿੱਚ ਹਿੱਸਾ ਲੈਣ ਲਈ ਬਹੁਤ-ਬਹੁਤ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ‘ਮਿਸ਼ਨ ਚੜ੍ਹਦੀਕਲਾ’ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸਹਾਈ ਹੋਵੇਗੀ, ਜਿਸ ਦਾ ਮੁੱਖ ਟੀਚਾ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਸਮਾਜਿਕ ਖੇਤਰਾਂ ਵਿੱਚ ਸੁਧਾਰ ਲਿਆਉਣਾ ਹੈ।
‘ਮਿਸ਼ਨ ਚੜ੍ਹਦੀਕਲਾ’ ਪੰਜਾਬ ਸਰਕਾਰ ਦੀ ਇੱਕ ਪਹਿਲ ਹੈ ਜੋ ਸਿੱਖਿਆ, ਸਿਹਤ, ਵਾਤਾਵਰਣ ਅਤੇ ਹੋਰ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਕੰਮ ਕਰ ਰਹੀ ਹੈ। ਨਕੋਦਰ ਹਲਕੇ ਦੇ ਦਾਨੀ ਸੱਜਣਾਂ ਦਾ ਇਹ ਯੋਗਦਾਨ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਪੰਜਾਬ ਦੇ ਭਵਿੱਖ ਪ੍ਰਤੀ ਉਨ੍ਹਾਂ ਦੀ ਚਿੰਤਾ ਨੂੰ ਦਰਸਾਉਂਦਾ ਹੈ। ਇਹ ਸਮੂਹਿਕ ਯਤਨ ਪੰਜਾਬ ਨੂੰ ਮੁੜ ‘ਚੜ੍ਹਦੀਕਲਾ’ ਵਿੱਚ ਲਿਆਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
